ਜ਼ੀਰਕਪੁਰ, 17 ਮਈ (ਮਨਿੰਦਰ ਸਿੰਘ)- ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਜਨਰਲ ਹਾਊਸ ਵਿਖੇ ਸੰਸਥਾ ਦੇ ਸਰਪ੍ਰਸਤ ਰਾਣਾ ਆਰ. ਐਸ. ਵਿਰਕ ਤੇ ਚੇਅਰਮੈਨ ਕੇ. ਆਰ. ਸੋਖਲ ਦੀ ਸਰਪ੍ਰਸਤੀ ਹੇਠ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਲਟਾਣਾ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਦੌਰਾਨ ਸਕੱਤਰ ਜਨਰਲ ਚਰਨਜੀਤ ਸਿੰਘ ਮਹਿਤਾ ਨੇ ਕਿਹਾ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਂਦੇ ਹਨ ਤੇ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ | ਸੰਸਥਾ ਦੇ ਖ਼ਜ਼ਾਨਚੀ ਰਣਧੀਰ ਸਿੰਘ ਨੇ ਆਮਦਨ ਤੇ ਖਰਚ ਦਾ ਵੇਰਵਾ ਪੇਸ਼ ਕੀਤਾ ਤੇ ਮੈਂਬਰਸ਼ਿਪ ਭਰਨ ਲਈ ਅਪੀਲ ਕੀਤੀ | ਸਰਪ੍ਰਸਤ ਰਾਣਾ ਵਿਰਕ ਵਲੋਂ ਸੰਸਥਾ ਨੂੰ 1100 ਰੁਪਏ ਫੰਡ ਵਜੋਂ ਭੇਟ ਕੀਤੇ ਗਏ | ਅੱਜ ਦੀ ਮੀਟਿੰਗ 'ਚ ਭਵਿੱਖ ਦੀਆਂ ਗਤੀਵਿਧੀਆਂ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਸੰਬੰਧੀ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਜਥੇਦਾਰ ਬਲਟਾਣਾ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਨੂੰ ਸਮੇਂ ਦੇ ਪਾਬੰਦ ਰਹਿੰਦੇ ਹੋਏ ਹਰ ਉਸ ਥਾਂ ਪਹੁੰਚਣਾ ਚਾਹੀਦਾ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੋਵੇ | ਸੰਸਥਾ ਵਲੋਂ ਪੀ. ਆਰ. ਓ. ਬੀ. ਐਸ. ਪੰਨੂ ਤੇ ਐਨ. ਏ. ਖਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਿਆਨ ਸਿੰਘ, ਰਵਿੰਦਰ ਕੌਰ ਬਾਜਵਾ, ਸੋਨਮ, ਮੀਨਾ ਸ਼ਰਮਾ, ਰਾਮ ਕੁਮਾਰ ਨਫਰਾ, ਧਰਮ ਸਿੰਘ, ਬੰਤ ਸਿੰਘ ਢਕੌਲਾ, ਜਸਵੀਰ ਸਿੰਘ, ਅਨੂ ਦੇਵੀ, ਦਰਸ਼ਨ ਆਨੰਦ ਤੇ ਮੈਡਮ ਖਾਨ ਆਦਿ ਹਾਜ਼ਰ ਸਨ |