ਰੂਪਨਗਰ, 18 ਮਈ (ਗੁਰਪ੍ਰੀਤ ਸਿੰਘ ਹੁੰਦਲ)- ਸਰਕਾਰਾਂ ਵਲੋਂ ਪਾਬੰਦੀ ਦੇ ਬਾਵਜੂਦ ਜ਼ਿਲ੍ਹੇ ਅੰਦਰ ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਨ ਦਾ ਰੁਝਾਨ ਬਦਸਤੂਰ ਜਾਰੀ ਹੈ | ਬੇਸ਼ੱਕ ਇਸ ਵਾਰ ਤੂੜੀ ਮਹਿੰਗੀ ਹੋਣ ਕਾਰਨ ਕਣਕ ਦੇ ਨਾੜ ਨੂੰ ਅੱਗਾਂ ਘੱਟ ਲੱਗੀਆਂ ਹਨ ਪਰ ਇਹ ਵਰਤਾਰਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ | ਮਨੁੱਖੀ ਫ਼ਰਜ਼ਾਂ 'ਤੇ ਭਾਰੂ ਹੋਈਆਂ ਗਰਜ਼ਾਂ ਕਾਰਨ ਕਿਸਾਨਾਂ ਨੂੰ ਖੇਤ ਤਿਆਰ ਕਰਨ ਲਈ ਨਾੜ ਨੂੰ ਅੱਗ ਲਾਉਣ ਤੋਂ ਇਲਾਵਾ ਹੋਰ ਕੋਈ ਸਸਤਾ ਬਦਲ ਨਹੀਂ ਮਿਲ ਰਿਹਾ ਜਿਸ ਦੇ ਚੱਲਦਿਆਂ ਜ਼ਿਲ੍ਹੇ ਦੀ ਮੌਲਾ ਤੱਕ ਕਾਲੀ ਸਿਆਹ ਹੋਈ ਧਰਤੀ ਤੇ ਉੱਡਦੇ ਧੂੰਏਾ ਦੇ ਗੁਬਾਰ ਰੋਕਥਾਮ ਹਿਤ ਬਣੀ ਨਿਯਮਾਵਲੀ ਤੋਂ ਵੱਡੇ ਬਣ ਚੁੱਕੇ ਹਨ | ਸਰਕਾਰੇ ਦਰਬਾਰੇ ਵਲੋਂ ਕਿਸਾਨਾਂ ਨੂੰ ਕੀਤੀਆਂ ਜਾ ਰਹੀਆਂ ਅਪੀਲਾਂ ਵੀ ਉਕਤ ਵਰਤਾਰੇ ਦੇ ਹਾਣ ਦੀਆਂ ਨਹੀਂ ਬਣ ਸਕੀਆਂ | ਇਸੇ ਤਰ੍ਹਾਂ ਹੀ ਬੀਤੇ ਸਮੇਂ ਵਿਚ ਰੂਪਨਗਰ ਦੇ ਆਈ.ਆਈ.ਟੀ. ਸੰਸਥਾਨ ਵਲੋਂ ਪਰਾਲੀ ਤੋਂ ਕੋਲਾ ਬਣਾਉਣ ਦੀ ਹੋਈ ਖੋਜ ਵੀ ਪ੍ਰਦਰਸ਼ਨੀਆਂ ਤੋਂ ਅੱਗੇ ਨਹੀਂ ਵਧ ਸਕੀ | ਇਸ ਦੇ ਨਾਲ ਹੀ ਹਰ ਸਾਲ ਧਰਤੀ ਦੇ ਸਾੜੇ ਜਾਣ ਕਾਰਨ ਮਿੱਤਰ ਕੀੜਿਆਂ ਦੀ ਕਮੀ ਦੇ ਚੱਲਦਿਆਂ ਫ਼ਸਲੀ ਬਿਮਾਰੀ ਦੇ ਵਾਧੇ ਕਾਰਨ ਹਰ ਸਾਲ ਫ਼ਸਲੀ ਝਾੜ ਵੀ ਘਟਦਾ ਜਾ ਰਿਹਾ ਹੈ, ਜਿਸ ਕਾਰਨ ਕੀਤੇ ਰੇਹ ਤੇ ਸਪਰੇਆਂ ਵੀ ਬੇਅਸਰ ਸਾਬਤ ਹੋ ਰਹੇ ਹਨ ਤੇ ਨਾ ਚਾਹੁੰਦਿਆਂ ਹੋਇਆਂ ਵੀ ਕਿਸਾਨਾਂ ਨੂੰ ਬਹੁ-ਰਾਸ਼ਟਰੀ ਕੰਪਨੀਆਂ ਵਲੋਂ ਬਣਾਏ ਜਾਂਦੇ ਕੀਟਨਾਸ਼ਕ ਤੇ ਖਾਦਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ | ਵਾਤਾਵਰਨ ਮਾਹਿਰਾਂ ਅਨੁਸਾਰ ਦਿਨ ਵੇਲੇ ਸਾੜਿਆ ਨਾੜ ਤਾਂ ਅਸਮਾਨ ਵਿਚ ਕੁੱਝ ਹੱਦ ਤੱਕ ਚਲਾ ਜਾਂਦਾ ਹੈ, ਪਰ ਦੇਰ ਸ਼ਾਮ ਹੁੰਦਿਆਂ ਮੌਸਮ ਵਿਚੋਂ ਹੁੰਮ੍ਹ ਪੈਦਾ ਹੋ ਜਾਂਦਾ ਹੈ, ਜੋ ਕਿ ਫੇਫੜਿਆਂ ਲਈ ਅਤਿ ਖ਼ਤਰਨਾਕ ਹੈ ਤੇ ਇਸੇ ਤਰ੍ਹਾਂ ਸ਼ਾਮ ਚਲਦਿਆਂ ਹੀ ਲਗਭਗ ਹਰ ਮੁਹੱਲੇ ਦੇ ਖ਼ਾਲੀ ਪਲਾਟਾਂ ਵਿਚ ਉਕਤ ਲਿਫ਼ਾਫ਼ਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਪੈਦਾ ਹੁੰਦੇ ਧੂੰਏਾ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਤੇ ਹਸਪਤਾਲਾਂ ਵਿਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁੱਝ ਹੱਦ ਤੱਕ ਕਿਸਾਨਾਂ 'ਤੇ ਸਖ਼ਤੀ ਵੀ ਕੀਤੀ ਗਈ ਪਰ ਜ਼ਮੀਨੀ ਪੱਧਰ 'ਤੇ ਕਿਸਾਨਾਂ ਲਈ ਸੁਖਾਵੇਂ ਬਦਲ ਦੀ ਅਣਹੋਂਦ ਆਰਥਿਕ ਹੁਲਾਰਾ ਨਾ ਬਣਨ ਕਰ ਕੇ ਉਕਤ ਸਮੱਸਿਆ ਨੂੰ ਪੂਰੀ ਤਰ੍ਹਾਂ ਰੋਕਣਾ ਹਾਲ ਦੀ ਘੜੀ ਅਸੰਭਵ ਜਾਪ ਰਿਹਾ ਹੈ |