ਬੇਲਾ, 19 ਮਈ (ਮਨਜੀਤ ਸਿੰਘ ਸੈਣੀ)-ਗ੍ਰਾਮ ਪੰਚਾਇਤ ਪਿੰਡ ਭਲਿਆਣ ਵਲੋਂ ਸਰਪੰਚ ਸਤਵੀਰ ਸਿੰਘ ਸੱਤੀ ਦੀ ਯੋਗ ਅਗਵਾਈ ਅਤੇ ਸੁਚੱਜੀ ਸੋਚ ਅਨੁਸਾਰ ਮਹਾਰਾਣੀ ਜਿੰਦ ਕੌਰ ਪਾਰਕ ਨੂੰ ਹੋਰ ਸੁੰਦਰ ਅਤੇ ਸੁਵਿਧਾਜਨਕ ਬਣਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ | ਪਾਰਕ ਵਿਚ ਬੱਚਿਆਂ ਦੇ ਮਨੋਰੰਜਨ ਲਈ ਨਵੇਂ ਝੂਲੇ ਲਗਾਏ ਗਏ ਹਨ, ਜਦਕਿ ਮਹਿਲਾਵਾਂ ਅਤੇ ਬਜ਼ੁਰਗਾਂ ਲਈ ਆਰਾਮਦਾਇਕ ਸ਼ੈੱਡ ਵੀ ਤਿਆਰ ਕੀਤੇ ਗਏ ਹਨ | ਇਸ ਤੋਂ ਇਲਾਵਾ ਪਾਰਕ ਵਿਚ ਬੈਠਣ ਲਈ ਵਧੀਆ ਆਰਾਮਦਾਇਕ ਬੈਂਚਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਪਿੰਡ ਵਾਸੀਆਂ ਅਨੁਸਾਰ ਇਹ ਬਹੁਤ ਹੀ ਅਨੋਖਾ ਅਤੇ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਪਾਰਕ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਹੋਇਆ ਹੈ | ਮਹਾਰਾਣੀ ਜਿੰਦ ਕੌਰ ਪਾਰਕ ਦੀ ਚਰਚਾ ਹੁਣ ਪੂਰੇ ਇਲਾਕੇ ਵਿਚ ਹੋ ਰਹੀ ਹੈ ਅਤੇ ਲੋਕ ਪੰਚਾਇਤ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਖੁੱਲਕੇ ਪ੍ਰਸ਼ੰਸਾ ਕਰ ਰਹੇ ਹਨ | ਇਸ ਮੌਕੇ ਸਰਪੰਚ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚੇ ਜ਼ਿਆਦਾਤਰ ਮੋਬਾਈਲ ਫ਼ੋਨ ਅਤੇ ਟੈਲੀਵਿਜ਼ਨ ਵਿਚ ਰੁੱਝੇ ਰਹਿੰਦੇ ਹਨ | ਪਾਰਕ ਵਿਚ ਝੂਲੇ ਅਤੇ ਹੋਰ ਸੁਵਿਧਾਵਾਂ ਦੇਣ ਦਾ ਮੁੱਖ ਮਕਸਦ ਇਹ ਹੈ ਕਿ ਬੱਚੇ ਖੁੱਲੇ ਮਾਹੌਲ ਵਿਚ ਖੇਡਣ, ਸਮਾਂ ਬਿਤਾਉਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਹੋਣ | ਉਨਾਂ ਕਿਹਾ ਕਿ ਪੰਚਾਇਤ ਪਿੰਡ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ | ਵਾਰਡ ਨੰਬਰ ਚਾਰ ਦੇ ਪੰਚ ਨਰਿੰਦਰ ਸਿੰਘ ਅਤੇ ਪਿੰਡ ਵਾਸੀਆਂ ਵਲੋਂ ਸਰਪੰਚ ਸਤਵੀਰ ਸਿੰਘ ਸੱਤੀ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਹੀ ਸੋਹਣਾ ਅਤੇ ਲੋਕ-ਹਿਤੈਸ਼ੀ ਪਾਰਕ ਤਿਆਰ ਕਰਨ ਲਈ ਧੰਨਵਾਦ ਕੀਤਾ ਗਿਆ | ਉਨਾਂ ਕਿਹਾ ਕਿ ਇਹ ਪਾਰਕ ਪਿੰਡ ਦੀ ਨਵੀਂ ਪਹਿਚਾਣ ਬਣ ਚੁੱਕਾ ਹੈ ਅਤੇ ਹਰ ਵਰਗ ਦੇ ਲੋਕਾਂ ਲਈ ਖ਼ੁਸ਼ੀ ਅਤੇ ਆਰਾਮ ਅਤੇ ਸਰੀਰ ਨੂੰ ਤੰਦਰੁਸਤ ਅਤੇ ਅਰੋਗ ਰੱਖਣ ਦਾ ਕੇਂਦਰ ਬਣ ਰਿਹਾ ਹੈ |