ਨੂਰਪੁਰ ਬੇਦੀ, 2 ਜੂਨ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀ ਸੰਪਰਦਇ) ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਸਰਬ ਸੰਗਤ ਦੇ ਸਹਿਯੋਗ ਨਾਲ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਤੋਲੀ ਵਿਖੇ ਨਵੇਂ ਉਸਾਰੇ ਜਾ ਰਹੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਦੇ ਨਿਰਮਾਣ ਕਾਰਜਾਂ ਦਾ ਕੰਮ ਇਸ ਸਮੇਂ ਜੰਗੀ ਪੱਧਰ 'ਤੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ | ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਅੱਜ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਆਚਾਰੀਆ ਜੀ ਨੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ | ਇਸਦੇ ਨਾਲ ਹੀ ਉਨ੍ਹਾਂ ਨੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ | ਇਸ ਦੌਰਾਨ ਆਚਾਰੀਆ ਨੇ ਕਰੀਬ 6000 ਸਕੇਅਰ ਫੁੱਟ ਏਰੀਏ ਵਿਚ ਉਸਾਰੇ ਜਾ ਰਹੇ ਵੱਡੇ ਸਤਿਸੰਗ ਭਵਨ ਦਾ ਵੀ ਨਿਰੀਖਣ ਕੀਤਾ | ਆਚਾਰੀਆ ਜੀ ਨੇ ਪ੍ਰਬੰਧਕਾਂ ਨੂੰ ਆਸ਼ਰਮ ਵਿਚ ਸੰਗਤਾਂ ਦੀ ਸੁਵਿਧਾ ਲਈ ਹਰ ਤਰ੍ਹਾਂ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕੀਤੇ ਤੇ ਨਿਰਮਾਣ ਕਾਰਜ ਨੂੰ ਜਲਦੀ ਮੁਕੰਮਲ ਕਰਨ ਲਈ ਆਖਿਆ | ਇਸ ਮੌਕੇ ਸੋਹਣ ਲਾਲ ਜਤੋਲੀ, ਠੇਕੇਦਾਰ ਰਾਕੇਸ਼ ਗੋਰਸੀ, ਜਸਵਿੰਦਰ ਕੁਮਾਰ ਚੰਡੀਗੜ੍ਹ ਪੁਲੀਸ, ਯਸ਼ਪਾਲ ਭੂੰਬਲਾਂ, ਰਾਕੇਸ਼ ਚਾਹੜ, ਬੇਲੀ ਰਾਮ, ਤਿਲਕ ਮੀਲੂ ਸਮੇਤ ਹੋਰ ਸੰਗਤਾਂ ਹਾਜ਼ਰ ਸਨ |