ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ 12ਵੀਂ ਪਾਸ ਵਿਦਿਆਰਥੀਆਂ ਲਈ ਚਲਾਇਆ ਜਾ ਰਿਹਾ ਬਰਿੱਜ ਕੋਰਸ ਅੱਜ ਸਫਲਤਾ ਪੂਰਵਕ ਸਮਾਪਤ ਹੋ ਗਿਆ | ਇਸ ਕੋਰਸ 'ਚ ਇਲਾਕੇ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕੀਤੀ ਅਤੇ ਹੁਨਰ ਹਾਸਲ ਕੀਤਾ | ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਬਰਿੱਜ ਕੋਰਸ ਦੌਰਾਨ ਪ੍ਰਾਪਤ ਕੀਤੀ ਸਿੱਖਿਆ ਸੰਬੰਧੀ ਆਪਣੇ ਤਜਰਬੇ ਨੂੰ ਸਾਂਝਾ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਬਰਿੱਜ ਕੋਰਸ ਦੀ ਸਫਲਤਾ 'ਤੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਅਕਾਦਮਿਕ ਤੇ ਬੌਧਿਕ ਤਰੱਕੀ ਅਤੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਹਨ | ਉਪ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਬਰਿੱਜ ਕੋਰਸ ਵਿਦਿਆਰਥੀਆਂ ਦੇ ਵਿਅਕਤੀਗਤ ਤੇ ਅਕਾਦਮਿਕ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ 'ਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ | ਉਪਰੰਤ ਡਾ. ਮਨਜੀਤ ਸਿੰਘ ਵਲੋਂ ਕੋਰਸ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਸਮਾਗਮ ਦੌਰਾਨ ਪ੍ਰੋ. ਦਿਲਸ਼ੇਰਬੀਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਕਾਲਜ ਸਟਾਫ਼ 'ਚੋਂ ਪ੍ਰੋ. ਤਜਿੰਦਰ ਕੌਰ, ਡਾ. ਦਵਿੰਦਰ ਸਿੰਘ, ਡਾ. ਸ਼ਵੇਤਾ ਕੌਸ਼ਲ, ਡਾ. ਵੀਰਪਾਲ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਡਾ. ਕਮਲਦੀਪ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ ਤੇ ਡਾ. ਰਵਿੰਦਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |