ਰੂਪਨਗਰ, 6 ਜੂਨ (ਮਨਜੀਤ ਸਿੰਘ ਸੈਣੀ)- ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਸਦਾ ਵਰਤ ਮੁਹੱਲੇ ਵਿਚ ਅੱਜ ਸਵੇਰੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ | ਜਾਣਕਾਰੀ ਅਨੁਸਾਰ ਘਰ ਵਿਚ ਪਾਣੀ ਭਰਦੇ ਸਮੇਂ ਪਾਣੀ ਵਾਲੀ ਮੋਟਰ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ 16 ਸਾਲਾ ਨਾਬਾਲਗ ਲੜਕੀ ਕਾਜਲ ਦੀ ਮੌਤ ਹੋ ਗਈ | ਹਾਦਸੇ ਦੇ ਸਮੇਂ ਫ਼ਰਸ਼ 'ਤੇ ਪਾਣੀ ਡਿੱਗਿਆ ਹੋਇਆ ਸੀ ਤੇ ਲੜਕੀ ਦੇ ਪੈਰ ਗਿੱਲੇ ਹੋਣ ਕਾਰਨ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ | ਪਰਿਵਾਰਕ ਮੈਂਬਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਬਿਜਲੀ ਦੀ ਤਾਰ ਨੂੰ ਹਟਾਇਆ ਬੇਹੋਸ਼ੀ ਦੀ ਹਾਲਤ ਵਿਚ ਕਾਜਲ ਨੂੰ ਸਿਵਲ ਹਸਪਤਾਲ ਰੋਪੜ ਲਿਆਂਦਾ ਗਿਆ, ਜਿੱਥੇ ਕਿ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |