ਘਨੌਲੀ, 6 ਜੂਨ (ਜਸਵੀਰ ਸਿੰਘ ਸੈਣੀ)-ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ਤੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੁਜ਼ਾਹਰੇ ਵਿਚ ਸੈਂਕੜੇ ਕੰਟਰੈਕਟਰ ਵਰਕਰਾਂ ਨੇ ਸ਼ਮੁਲੀਅਤ ਕਰਦਿਆ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ. ਐਲ. ਮੈਨੇਜਮੈਂਟ ਦੀ ਫੂਕੀ ਗਈ | ਸੰਬੋਧਨ ਕਰਦਿਆਂ ਹੋਇਆਂ ਵੱਖ-ਵੱਖ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮਿਤੀ 24-04-2026 ਨੂੰ ਬਿੱਲੀ ਮੰਤਰੀ, ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਫੈਸਲੇ ਮੁਤਾਬਿਕ 05-06-2026 ਤਕ ਨੋਟਿਫਿਕੇਸਨ ਹੋਣੀ ਚਾਹੀਦੀ ਸੀ ਅਤੇ 15-06-2026 ਤੱਕ ਸਾਰੇ ਵਰਕਰ ਪੀ. ਐਸ. ਪੀ. ਸੀ. ਐਲ. ਦੇ ਰੋਲ ਉਤੇ ਲੈਣਾ ਚਾਹੀਦੇ ਸਨ | ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਉਕਤ ਮਿਥੇ ਸਮੇਂ ਮੁਤਾਬਿਕ ਕਾਰਵਾਈ ਨਾ ਕੀਤੀ ਗਈ ਤਾਂ 9-06-2026 ਤੋਂ ਪੁਰੇ ਪੰਜਾਬ ਦੇ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਸਟੋਰਾਂ ਅਤੇ ਪੀ.ਐਸ.ਪੀ.ਸੀ.ਐਲ. ਦੇ ਜਿਥੇ ਵੀ ਠੇਕੇਦਾਰੀ ਸਿਸਟਮ ਚੱਲਦਾ ਹੈ ਦੇ ਸਾਰੇ ਕੰਟਰੈਕਟਰ ਵਰਕਰ ਆਪਣੇ ਆਪਣੇ ਦਫ਼ਤਰਾਂ ਅੱਗੇ ਧਰਨਾ ਦੇਣਗੇ | 16-06-2026 ਤੋਂ ਉਕਤ ਆਉਟਸੋਰਸਡ ਕਾਮੇ ਪਰਿਵਾਰਾਂ ਅਤੇ ਬੱਚੀਆਂ ਸਮੇਤ ਪਟਿਆਲਾ ਹੈਡ ਆਫਿਸ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ | ਰੈਲੀ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ ਕਿਹਾ ਜੇਕਰ ਇਹ ਪਾਲਸੀ ਦਿੱਤੇ ਹੋਏ ਸਮੇ ਤੇ ਲਾਗੂ ਨਹੀ ਕੀਤੀ ਜਾਂਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਇਸਦੀ ਜਿੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ | ਇਸ ਰੋਸ ਰੈਲੀ ਨੂੰ ਬਲਵਿੰਦਰ ਸਿੰਘ ਸੈਣੀ ਸਸਕੌਰ, ਪਰਗਟ ਸਿੰਘ ਘਨੌਲੀ, ਜਸਕਰਨ ਸਿੰਘ, ਅੱਛਰਾ ਸ਼ਰਮਾ ਗੁਰਿੰਦਰ ਸਿੰਘ ਅਤੇ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਂ ਨੇ ਸੰਬੋਧਨ ਕੀਤਾ |