ਨੂਰਪੁਰ ਬੇਦੀ, 10 ਜੂਨ (ਵਿੰਦਰਪਾਲ ਝਾਂਡੀਆਂ)- ਪਾਰਟੀ ਦੀ ਮਜ਼ਬੂਤੀ ਅਤੇ ਸਮਾਜਿਕ ਭਾਈਚਾਰਿਆਂ ਦੀ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਗੁੱਜਰ ਸਮਾਜ ਦੇ ਨਾਮਵਰ ਆਗੂ ਤੇ ਪਿੰਡ ਆਬਾਦੀ ਘਰਾਠੀਆ ਬਾਲੇਵਾਲ ਦੇ ਸਰਪੰਚ ਸੂਬੇਦਾਰ ਲੇਖ ਰਾਮ ਬਜਾੜ ਨੂੰ ਗੁੱਜਰ ਵੈੱਲਫੇਅਰ ਬੋਰਡ ਦਾ ਸਟੇਟ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਪਿੰਡ ਕਾਂਗੜ ਦੇ ਸਰਪੰਚ ਬਲਦੇਵ ਰਾਜ ਚੌਹਾਨ ਨੂੰ ਗੁੱਜਰ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਗੁੱਜਰ ਸਮਾਜ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਲੋਕਾਂ ਦਾ ਮੰਨਣਾ ਹੈ ਕਿ ਸੂਬੇਦਾਰ ਲੇਖ ਰਾਮ ਬਜਾੜ ਤੇ ਬਲਦੇਵ ਰਾਜ ਚੌਹਾਨ ਲੰਮੇ ਸਮੇਂ ਤੋਂ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਹਨ ਜਿਸ ਕਾਰਨ ਉਨ੍ਹਾਂ ਦੀ ਨਿਯੁਕਤੀ ਨਾਲ ਗੁੱਜਰ ਸਮਾਜ ਦੀ ਆਵਾਜ਼ ਹੋਰ ਮਜ਼ਬੂਤੀ ਨਾਲ ਸਰਕਾਰ ਤੱਕ ਪਹੁੰਚੇਗੀ | ਇਸ ਮੌਕੇ ਸੂਬੇਦਾਰ ਲੇਖਰਾਮ ਬਜਾੜ ਤੇ ਬਲਦੇਵ ਰਾਜ ਚੌਹਾਨ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਸਮੇਤ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ |