ਸ੍ਰੀ ਕੀਰਤਪੁਰ ਸਾਹਿਬ/ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਸੰਨੀ/ਨਿੱਕੂਵਾਲ)-ਨੂਰਪੁਰ ਬੇਦੀ ਦੇ 45 ਪਿੰਡਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਵਾਲਾ ਬਹੁ-ਕਰੋੜੀ ਨਹਿਰੀ ਪਾਣੀ ਪ੍ਰੋਜੈਕਟ ਖ਼ਤਰੇ ਵਿਚ ਨਜ਼ਰ ਆ ਰਿਹਾ ਹੈ। ਕਿਉਂਕਿ ਚੰਦਪੁਰ ਬੇਲਾ ਦੇ ਸਤਲੁਜ ਦਰਿਆ ਤੇ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਕਰੀਬ 25 ਸਾਲ ਪਹਿਲਾਂ ਬਣਾਏ ਪੁਲ ਨੂੰ ਇਸ ਉੱਪਰੋਂ ਲੰਘਣ ਵਾਲੀ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਇਨ ਕਾਰਨ ਨੁਕਸਾਨ ਹੋ ਰਿਹਾ ਹੈ। ਜਿਸਨੂੰ ਲੈ ਕੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਕਾਰਸੇਵਾ ਮੁਖੀ ਬਾਬਾ ਸਤਨਾਮ ਸਿੰਘ ਵਲੋਂ ਇਸ ਸਥਾਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪੁਲ ਦਾ ਨਿਰਮਾਣ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਪੁਲ ਦੇ ਪਿੱਲਰਾਂ ਨੂੰ ਡੰਗੇ ਲਗਾਉਣ ਦੀ ਚੱਲ ਰਹੀ ਹੈ ਸੇਵਾ * ਬਾਬਾ ਸਤਨਾਮ ਸਿੰਘ ਵਲੋਂ ਪ੍ਰਸ਼ਾਸਨ ਨੂੰ ਪਾਈਪ ਲਾਇਨ ਪੁਲ ਦੇ ਉੱਪਰੋਂ ਲੰਘਾਉਣ ਦੀ ਕੀਤੀ ਮੰਗਹੋਇਆ ਸੀ ਤਾਂ ਉਸ ਤੋਂ ਬਾਅਦ ਪਾਣੀ ਪ੍ਰੋਜੈਕਟ ਦੀ ਪਾਈਪ-ਲਾਈਨ ਨੂੰ ਇੱਥੋਂ ਲੰਘਾਇਆ ਗਿਆ ਸੀ। ਉਸ ਵੇਲੇ ਵੀ ਸੰਗਤਾਂ ਵਲੋਂ ਇਤਰਾਜ਼ ਕੀਤਾ ਗਿਆ ਸੀ, ਪਰੰਤੂ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਦੇ ਇਹ ਸ਼ਬਦ ਸਨ ਕਿ ‘’ਇਹ ਪਾਣੀ ਵੀ ਸੰਗਤਾਂ ਲਈ ਹੈ, ਇਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ।’’ ਉਨ੍ਹਾਂ ਕਿਹਾ ਕਿ ਅੱਜ ਵੀ ਉਹ ਉਸੇ ਵਚਨ ‘ਤੇ ਕਾਇਮ ਹਨ ਅਤੇ ਪਾਣੀ ਦੀ ਸਪਲਾਈ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ, ਪਰੰਤੂ ਪੁਲ ਅਤੇ ਪਾਈਪ-ਲਾਈਨ ਦੋਵੇਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਵਿਭਾਗ ਨੂੰ ਪਾਈਪ-ਲਾਈਨ ਪੁਲ ਦੇ ਉੱਪਰੋਂ ਲੰਘਾਉਣ ਦੀ ਇਜਾਜ਼ਤ ਵੀ ਦਿੱਤੀ ਜਾ ਚੁੱਕੀ ਹੈ। ਜਿਸ ਕਰਕੇ ਪੁਲ ਦੀ ਸੁਰੱਖਿਆ ਤੇ ਲੋਕਾਂ ਨੂੰ ਨਿਰਵਿਘਨ ਪਾਣੀ ਸਪਲਾਈ ਮਿਲਦਾ ਰਹਿਣ ਕਾਰਨ ਵਿਭਾਗ ਨੂੰ ਤੁਰੰਤ ਉਕਤ ਪਾਈਪ-ਲਾਈਨ ਨੂੰ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਚੰਦਪੁਰ ਬੇਲਾ ਦੇ ਸਰਪੰਚ ਜਸਵੀਰ ਸਿੰਘ ਸਮੇਤ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਦਰਿਆਵਾਂ ‘ਚ ਬਿਨਾਂ ਯੋਜਨਾਬੱਧ ਢੰਗ ਨਾਲ ਹੋਈ ਮਾਈਨਿੰਗ ਕਾਰਨ ਪੁਲ ਦੇ ਪਿੱਲਰਾਂ ਨੂੰ ਖੋਰਾ ਲੱਗਣ ਦੀ ਸਮੱਸਿਆ ਲਗਾਤਾਰ ਵਧੀ ਹੈ। ਇਸੇ ਦੌਰਾਨ ਪਾਣੀ ਪ੍ਰੋਜੈਕਟ ਦੀ ਪਾਈਪ-ਲਾਈਨ ਨੂੰ ਪੁਲ ਦੇ ਇੱਕ ਪਾਸੇ ਬਣੇ ਰਿਟੇਨਿੰਗ ਸਟਰਕਚਰ ਨਾਲ ਜੋੜ ਕੇ ਲੰਘਾਇਆ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਪਿਛਲੇ ਇੱਕ ਮਹੀਨੇ ਤੋਂ ਪੁਲ ਦੇ ਪਿੱਲਰਾਂ ਦੀ ਸੁਰੱਖਿਆ ਲਈ ਵੱਡੇ ਪੱਧਰ ‘ਤੇ ਸੁਰੱਖਿਆ ਲਈ ਮਜ਼ਬੂਤ ਡੰਗੇ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਪੁਲ ਦੀ ਬੁਨਿਆਦ ਦਾ ਪੱਧਰ ਉੱਚਾ ਹੋਇਆ ਹੈ ਅਤੇ ਪਾਣੀ ਦੇ ਵਹਾਅ ਅਤੇ ਰੇਲਿੰਗ ਵਿਚਕਾਰ ਦੂਰੀ ਹੋਰ ਘੱਟ ਗਈ ਹੈ, ਜਿਸ ਨਾਲ ਆਉਣ ਵਾਲੇ ਮਾਨਸੂਨ ਦੌਰਾਨ ਖ਼ਤਰਾ ਹੋਰ ਵਧ ਸਕਦਾ ਹੈ। ਇਸ ਮੌਕੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਕਿਹਾ ਕਿ ਇਹ ਪਾਣੀ ਪ੍ਰੋਜੈਕਟ ਨੂਰਪੁਰ ਬੇਦੀ ਇਲਾਕੇ ਦੀ ਜੀਵਨ ਰੇਖਾ ਹੈ, ਜੋ ਪਹਿਲਾਂ 45 ਪਿੰਡਾਂ ਲਈ ਮਨਜ਼ੂਰ ਹੋਇਆ ਸੀ ਪਰ ਹੁਣ 70 ਤੋਂ ਵੱਧ ਪਿੰਡਾਂ ਨੂੰ ਪਾਣੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਾਈਪਲਾਈਨ ਨੂੰ ਪੁਲ ਦੇ ਉੱਪਰੋਂ ਤਬਦੀਲ ਕਰਨ ਦਾ ਕੰਮ ਮੁਕੰਮਲ ਕਰਨਾ ਚਾਹੀਦਾ ਹੈ। ਗੌਰਵ ਰਾਣਾ ਨੇ ਕਿਹਾ ਕਿ ਜੇਕਰ 10 ਦਿਨਾਂ ਅੰਦਰ ਕੋਈ ਕਾਰਵਾਈ ਨਾ ਹੋਈ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਾਬਕਾ ਪੰਚ ਜੋਗਾ ਸਿੰਘ, ਪੰਚ ਗੁਰਤੇਜ ਸਿੰਘ, ਪੰਚ ਸੰਤੋਖ ਸਿੰਘ, ਪੰਚ ਬਲਵਿੰਦਰ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਸੂਬੇਦਾਰ ਗੁਰਭਜਨ ਸਿੰਘ, ਕੈਪਟਨ ਅਸ਼ਵਨੀ ਕੁਮਾਰ, ਗੁਰਦਿਆਲ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਅਤੇ ਕਰਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।