10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜਾਨਾਂ ਜੋਖ਼ਮ ’ਚ ਪਾ ਕੇ ਨਹਿਰਾਂ ਵਿਚ ਛਾਲਾਂ ਮਾਰ ਕੇ ਨਹਾਉਦੇਂ ਨੌਜਵਾਨ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 27-06-2026
ਨੰਗਲ, 26 ਜੂਨ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ ਨੌਜਵਾਨ ਅਤੇ ਛੋਟੇ ਉਮਰ ਦੇ ਬੱਚੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੰਤਾਂ ਦੀ ਗਰਮੀ ਤੋਂ ਰਾਹਤ ਪਾਉਣ ਲਈ ਬਿਨਾਂ ਕਿਸੇ ਪੁਲਿਸ ਅਤੇ ਪ੍ਰਸ਼ਾਸਨਿਕ ਕਾਰਵਾਈ ਦੇ ਡਰੋਂ ਨੰਗਲ ਡੈਮ ਤੋਂ ਨਿਕਲਦੀਆਂ ਦੋਵੇਂ ਨਹਿਰਾਂ ਕ੍ਰਮਵਾਰ ਭਾਖੜਾ ਨਹਿਰ ਅਤੇ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ ਆਪਣੀਆਂ ਜਾਨਾਂ ਜੋਖ਼ਮ ‘ਚ ਪਾ ਕੇ ਤੇਜ਼ ਵਹਾਅ ਵਾਲੇ ਪਾਣੀ ਵਿਚ ਸ਼ਰੇਆਮ ਛਾਲਾਂ ਮਾਰ ਕੇ ਨਹਾ ਰਹੇ ਹਨ। ਜ਼ਿਆਦਾਤਰ ਬੱਚੇ ਅਤੇ ਨੌਜਵਾਨ ਦੁਪਹਿਰ ਵੇਲੇ ਨਹਿਰਾਂ ਵਿਚ ਛਾਲਾਂ ਲਗਾਉਦੇਂ ਕਾਫੀ ਦੂਰ ਤੱਕ ਤੈਰਦੇ ਹਨ। ਇਹ ਬੱਚੇ ਸਥਾਨਕ ਖ਼ੁਆਜਾ ਪੀਰ ਮੰਦਰ, ਜਵਾਹਰ ਮਾਰਕੀਟ, ਬਾਬਾ ਧੂੰਣਾ ਮੰਦਰ ਅਤੇ ਐਮ ਪੀ ਕੋਠੀ ਲਾਗੇ ਅਤੇ ਨਹਿਰਾਂ ਤੇ ਬਣੇ ਪੁਲਾਂ ਉੱਪਰੋਂ ਵੀ ਛਾਲਾਂ 1ਲਗਾਉਂਦੇ ਹਨ ਅਤੇ ਕਈ ਲੋਹੇ ਦੇ ਜੰਗਲਿਆਂ ਤੋਂ ਫ਼ਿਲਮੀ ਅੰਦਾਜ਼ ਵਿਚ ਕੁੱਦ ਕੇ ਤੇਜ਼ ਵਹਾ ਵਾਲੇ ਨਹਿਰੀ ਪਾਣੀ ਵਿਚ ਡਾਈਆਂ ਲਗਾ ਕੇ ਪਾਣੀ ਵਿਚ ਦੂਰ ਜਾ ਕੇ ਨਿਕਲ ਕੇ ਅੱਠਖੇਲੀਆਂ ਕਰਦੇ ਹਨ । ਜਿਸ ਕਾਰਨ ਹਾਦਸਾ ਵਾਪਰਨ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਦੱਸਣਯੋਗ ਹੈ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਹਰ ਸਾਲ ਗਰਮੀ ਦੇ ਮੌਸਮ ਵਿਚ ਨਹਿਰਾਂ ਵਿਚ ਨਹਾਉਣ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਪਰ ਇਹ ਬੱਚੇ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਾ ਕਰਕੇ ਪਾਣੀ ਵਿਚ ਅੱਠਖੇਲੀਆਂ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਕਈ ਬੱਚੇ ਤਾਂ ਨਹਿਰ ਨੂੰ ਆਰ ਪਾਰ ਤੈਰ ਕੇ ਅਤੇ ਕਈ ਟਰੱਕਾਂ ਦੀਆਂ ਟਿਊਬਾਂ ਵਿਚ ਹਵਾ ਭਰ ਕੇ ਲੰਬੀਆਂ ਤਾਰੀਆਂ ਲਗਾ ਕੇ ਸਿਖਰ ਦੁਪਹਿਰ ਨਹਿਰਾਂ ‘ਤੇ ਗੁਜ਼ਾਰਦੇ ਹਨ। ਇਸ ਬਾਰੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਕੀਮਤੀ ਮਨੁੱਖੀ ਜਾਨਾਂ ਤੇਜ਼ ਵਹਾਅ ਵਾਲੇ ਪਾਣੀ ਵਿਚ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਹਾਲੇ ਵੀ ਬੇਖ਼ਬਰ ਹੀ ਜਾਪ ਰਹੇ। ਉਨਾਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨਹਿਰਾਂ ਵਿਚ ਨੌਜਵਾਨਾਂ ਨੂੰ ਨਹਾਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਕੀ ਕਹਿੰਦੇ ਹਨ ਪੁਲਿਸ ਥਾਣਾ ਮੁਖੀ ਨੰਗਲ-ਨਹਿਰਾਂ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਨਹਾਉਦੇਂ ਬੱਚਿਆਂ ਅਤੇ ਨੌਜਵਾਨਾ ਬਾਰੇ ਜਦੋਂ ਪੁਲਿਸ ਥਾਣਾ ਨੰਗਲ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੁਲਿਸ ਪਾਰਟੀ ਨਹਿਰਾਂ ਦੀਆਂ ਪਟੜੀਆਂ ਉੱਤੇ ਦੁਪਹਿਰ ਸਮੇਂ ਗਸ਼ਤ ਵੀ ਕਰਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਹਿਰਾਂ ਵਿਚ ਨਹਾਉਣ ਤੋਂ ਖ਼ੁਦ ਹੀ ਸਖ਼ਤੀ ਨਾਲ ਰੋਕਣ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਪਿਛਲੀ ਖ਼ਬਰ ਪੁਲਿਸ ਵਲੋਂ ਇਕ ਮੋਟਰਸਾਈਕਲ ਅਤੇ ਚੋਰੀ ਕੀਤੇ ਗਏ ਸਾਮਾਨ ਸਮੇਤ ਚੋਰ ਗ੍ਰਿਫ਼ਤਾਰ ਅਗਲੀ ਖ਼ਬਰ ਡਾ. ਸਵਰਨਜੀਤ ਬੈਂਸ ਐਮ.ਪੀ.ਏ.ਪੀ. ਬਲਾਕ ਨੂਰਪੁਰ ਬੇਦੀ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।