04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਰੂਪਨਗਰ ਬਲਾਕ ਦੀਆਂ ਪੰਚਾਇਤਾਂ ਕੋਲ ਹਾਲੇ ਵੀ ਪਈਆਂ ਹਨ ਕਰੋੜਾਂ ਰੁਪਏ ਦੀਆਂ ਅਣਵਰਤੀਆਂ ਵਿਕਾਸ ਗ੍ਰਾਂਟਾਂ- ਚੇਅਰਮੈਨ ਬਲਾਕ ਸੰਮਤੀ

ਅਜੀਤ ਡੈਸਕ 19-07-2026
ਰੂਪਨਗਰ, 18 ਜੁਲਾਈ (ਯਸ਼ਵੰਤ ਬੱਸੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਬੇਮਿਸਾਲ ਗਤੀ ਮਿਲੀ ਹੈ। ਇਸ ਦੇ ਬਾਵਜੂਦ ਬਲਾਕ ਸੰਮਤੀ ਰੂਪਨਗਰ ਅਧੀਨ ਆਉਣ ਵਾਲੀਆਂ ਕਈ ਗ੍ਰਾਮ ਪੰਚਾਇਤਾਂ ਦੇ ਖਾਤਿਆਂ ਵਿਚ ਅਜੇ ਵੀ ਕਰੋੜਾਂ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਪਈਆਂ ਹਨ, ਜਿਨ੍ਹਾਂ ਦੀ ਸਮੇਂ ਸਿਰ ਵਰਤੋਂ ਕੀਤੀ ਜਾਣੀ ਲਾਜ਼ਮੀ ਹੈ। ਇਹ ਪ੍ਰਗਟਾਵਾ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ ਨੇ ਕਰਦਿਆਂ ਦੱਸਿਆ ਕਿ ਬਲਾਕ ਦੀਆਂ ਲਗਭਗ 60 ਗ੍ਰਾਮ ਪੰਚਾਇਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਖਾਤਿਆਂ ਵਿਚ 10 ਲੱਖ ਤੋਂ 29 ਲੱਖ ਰੁਪਏ ਤੱਕ ਦੀ ਅਣਵਰਤੀ ਵਿਕਾਸ ਗ੍ਰਾਂਟ ਮੌਜੂਦ ਹੈ। ਇਸ ਤੋਂ ਇਲਾਵਾ ਬਾਕੀ ਬਹੁਤੀਆਂ ਪੰਚਾਇਤਾਂ ਦੇ ਖਾਤਿਆਂ ਵਿਚ ਵੀ 5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਰਕਮ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਹ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਵਿਕਾਸ ਪੱਖੀ ਸੋਚ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ ਕਿ ਲੋੜ ਅਨੁਸਾਰ ਹਰ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪੰਚਾਇਤਾਂ ਦੇ ਖਾਤਿਆਂ ਵਿਚ ਇੰਨੀ ਵੱਡੀ ਮਾਤਰਾ ਵਿਚ ਵਿਕਾਸ ਫੰਡ ਪਏ ਹਨ। ਚੇਅਰਮੈਨ ਮਲਕੀਤ ਸਿੰਘ ਭੰਗੂ ਨੇ ਸਮੂਹ ਸਰਪੰਚਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਤਿਆਂ ਵਿਚ ਪਈਆਂ ਗ੍ਰਾਂਟਾਂ ਦੀ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਵਰਤੋਂ ਯਕੀਨੀ ਬਣਾਉਣ, ਤਾਂ ਜੋ ਪਿੰਡਾਂ ਵਿਚ ਬਾਕੀ ਰਹਿੰਦੇ ਵਿਕਾਸ ਕਾਰਜ ਤੇਜ਼ੀ ਨਾਲ ਸਮੇ ਸਿਰ ਮੁਕੰਮਲ ਹੋ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵਿਕਾਸ ਗ੍ਰਾਂਟਾਂ ਵੀ ਜਾਰੀ ਕੀਤੀਆਂ ਜਾਣਗੀਆਂ, ਪਰ ਇਸ ਲਈ ਪਹਿਲਾਂ ਤੋਂ ਜਾਰੀ ਕੀਤੀਆਂ ਗ੍ਰਾਂਟਾਂ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਰਪੰਚਾਂ ਨਾਲ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਦਲਿਤ ਵਿਕਾਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਦਾ ਬਾਰ ਕਲਰਕ ਐਸੋਸੀਏਸ਼ਨ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।