ਨੂਰਪੁਰ ਬੇਦੀ, 20 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਹਲਕਾ ਰੂਪਨਗਰ ਦੇ ਪਿੰਡਾਂ ਨੂੰ ਬਿਹਤਰ ਸੜਕੀ ਸੰਪਰਕ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਅੱਜ 1 ਕਰੋੜ 15 ਲੱਖ 88 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਬਜਰੂੜ ਤੋਂ ਗਰੇਵਾਲ ਤੇ ਧਮਾਣਾ ਸੜਕ ਦੇ ਨਵੀਨੀਕਰਨ ਕਾਰਜ ਦਾ ਰਸਮੀ ਉਦਘਾਟਨ ਕੀਤਾ। ਵਿਧਾਇਕ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਪੇਂਡੂ ਖੇਤਰਾਂ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਵੀਨੀਕਰਨ ਨਾਲ ਬਜਰੂੜ, ਗਰੇਵਾਲ, ਧਮਾਣਾ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ, ਜਦਕਿ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿਚ ਸਮਾਂ ਅਤੇ ਖਰਚ ਦੋਵਾਂ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਿਰਮਾਣ ਕਾਰਜ ਵਿਭਾਗੀ ਤਕਨੀਕੀ ਮਾਪਦੰਡਾਂ ਅਨੁਸਾਰ ਨਿਰਧਾਰਤ ਸਮੇਂ ਵਿਚ ਮੁਕੰਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਲਕੇ ਦੀਆਂ ਖਰਾਬ ਸੜਕਾਂ ਨੂੰ ਪੜਾਅਵਾਰ ਢੰਗ ਨਾਲ ਨਵਿਆਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ, ਸੁਚੱਜੀ ਅਤੇ ਆਰਾਮਦਾਇਕ ਆਵਾਜਾਈ ਦੀ ਸਹੂਲਤ ਮਿਲ ਸਕੇ। ਇਸ ਮੌਕੇ ਦੇਸ ਰਾਜ ਸੈਣੀ, ਸਤਨਾਮ ਨਾਗਰਾ, ਸਰਪੰਚ ਨਰਿੰਦਰ ਸਿੰਘ ਬਜਰੂੜ, ਸਰਪੰਚ ਅਜੈਬ ਸਿੰਘ ਛੱਜਾ, ਸਰਪੰਚ ਕਮਲ ਸਿੰਘ ਚੌਂਤਾ, ਇੰਜੀ ਜਗਜੀਤ ਸਿੰਘ, ਇੰਜੀ ਗੁਰਦਿਆਲ ਸਿੰਘ, ਪੰਚ ਬਲਜੀਤ ਸਿੰਘ, ਬਲਵੀਰ ਸਿੰਘ, ਤਰਲੋਕ ਸਿੰਘ, ਦਵਿੰਦਰ ਕੁਮਾਰ, ਪੰਚ ਗੁਰਿੰਦਰ ਸਿੰਘ, ਦਿਲਜੀਤ ਕੌਰ, ਸਰਪੰਚ ਨਰਿੰਦਰ ਸਿੰਘ ਧਮਾਣਾ, ਸਰਪੰਚ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।