03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੀੜੀ ਅਫਗਾਨਾ ਦੇ ਸਰਪੰਚ ਤੇ 5 ਪੰਚਾਂ ਨੂੰ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਹੇਠ ਕੀਤਾ ਮੁਅੱਤਲ

ਅਜੀਤ ਡੈਸਕ 25-07-2026
ਸ੍ਰੀ ਚਮਕੌਰ ਸਾਹਿਬ, 24 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਕੀੜੀ ਅਫਗਾਨਾ ਦੀ ਗ੍ਰਾਮ ਪੰਚਾਇਤ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਰਪੰਚ ਹਰਬੰਸ ਸਿੰਘ ਅਤੇ 5 ਹੋਰ ਪੰਚਾਂ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਉਮਾ ਸ਼ੰਕਰ ਗੁਪਤਾ ਆਈ. ਏ. ਐਸ. ਵਲੋਂ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸਰਪੰਚ ਹਰਬੰਸ ਸਿੰਘ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਸਿਵਲ ਰਿਟ ਪਟੀਸ਼ਨ ਵਿਚ ਲਗਾਏ ਦੋਸ਼ਾਂ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰੂਪਨਗਰ ਨੂੰ ਸੌਂਪੀ ਗਈ ਸੀ। ਜਾਂਚ ਟੀਮ ਅਤੇ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਦੀ ਰਿਪੋਰਟ ਅਨੁਸਾਰ ਪੰਚਾਇਤ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਹੀ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜ਼ੇ ਕੀਤੇ ਪਾਏ ਗਏ। ਜਿਹੜੇ ਮੈਂਬਰਾਂ ’ਤੇ ਨਜਾਇਜ਼ ਕਬਜ਼ੇ ਦੇ ਦੋਸ਼ ਸਾਬਤ ਹੋਏ ਹਨ, ਉਨਾ ਵਿਚ ਮੌਜੂਦਾ ਸਰਪੰਚ ਹਰਬੰਸ ਸਿੰਘ, ਪੰਚ ਜਗਜੀਤ ਸਿੰਘ, ਪੰਚ ਸ਼੍ਰੀਮਤੀ ਰਾਜਵਿੰਦਰ ਕੌਰ, ਪੰਚ ਹਰਭਜਨ ਸਿੰਘ (ਵਾਰਡ ਨੰਬਰ 3), ਪੰਚ ਹਰਭਜਨ ਸਿੰਘ (ਵਾਰਡ ਨੰਬਰ 5), ਪੰਚ ਸਤਪਾਲ ਸਿੰਘ, ਪੰਚ ਸ਼੍ਰੀਮਤੀ ਤਜਿੰਦਰ ਕੌਰ ਤੇ ਨਜਾਇਜ਼ ਕਬਜੇ ਕਰਨ ਦੇ ਦੋਸ਼ ਸਾਬਤ ਹੋਏ ਹਨ। ਜਾਰੀ ਪੱਤਰ ਅਨੁਸਾਰ ਇਸ ਸਬੰਧੀ ਵਿਭਾਗ ਵਲੋਂ ਸਬੰਧਤ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਨਿੱਜੀ ਸੁਣਵਾਈ ਦੇ ਕਈ ਮੌਕੇ ਦਿੱਤੇ ਗਏ। ਰਿਪੋਰਟਾਂ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਉਕਤ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਅਤੇ ਕਰਵਾਏ ਹਨ। ਜਿਸ ਕਾਰਨ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 (4) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਜਾਇਜ਼ ਕਬਜ਼ਿਆਂ ਵਿਚ ਸ਼ਾਮਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।
ਕੀ ਕਹਿਣਾ ਹੈ ਬੀ. ਡੀ. ਪੀ. ਓ. ਸ੍ਰੀ ਚਮਕੌਰ ਸਾਹਿਬ ਦਾ- ਉੱਧਰ ਜਦੋਂ ਇਸ ਸਬੰਧੀ ਬੀ. ਡੀ. ਪੀ. ਓ. ਅਜੈਬ ਸਿੰਘ ਨਾਮ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਸਰਪੰਚ ਹਰਬੰਸ ਸਿੰਘ ਵਲੋਂ ਦਾਇਰ ਕੀਤੀ ਗਈ ਰਿਟ ਪਟੀਸ਼ਨ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਹੈ ਜਦਕਿ ਸੰਬੰਧਿਤ ਪੰਚਾਇਤ ਕੋਲ ਵਿਕਾਸ ਕਾਰਜਾਂ ਲਈ ਫੰਡ ਹੋਣ ਦੇ ਬਾਵਜੂਦ ਵੀ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ, ਜਿਸ ਸਬੰਧੀ ਉਨ੍ਹਾਂ ਵਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਇਰੈਕਟਰ ਵਲੋਂ ਉਪਰੋਕਤ ਹੁਕਮ ਜਾਰੀ ਕੀਤੇ ਗਏ ਹਨ।
ਪਿਛਲੀ ਖ਼ਬਰ Tribute To Kargil Martyrs | ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ,CM Mann ਪਹੁੰਚੇ ਚੰਡੀਗੜ੍ਹ,LIVE ਅਗਲੀ ਖ਼ਬਰ ਜਟਵਾਹੜ੍ਹ–ਟਿੱਬਾ ਟੱਪਰੀਆਂ ਸੜਕ ਦਾ ਨਿਰਮਾਣ ਜੰਗੀ ਪੱਧਰ ’ਤੇ ਜਾਰੀ, ਜਲਦ ਲੋਕਾਂ ਨੂੰ ਮਿਲੇਗੀ ਸੁਵਿਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।