ਨੂਰਪੁਰ ਬੇਦੀ, 26 ਜੁਲਾਈ (ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕੇ ਦੇ ਪਿੰਡ ਪਿੰਡ ਬਾਹਮਣ ਮਾਜਰਾ ਤੋਂ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਲੈ ਕੇ ਜਾਣ ਵਾਲੀ ਬੱਸ ਨੂੰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਐਡਵੋਕੇਟ ਚੱਢਾ ਨੇ ਯਾਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਸੁਖਦ ਤੇ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਉਦੇਸ਼ ਸੂਬੇ ਦੇ ਹਰ ਵਰਗ ਨੂੰ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਸ਼ਰਧਾਲੂਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੀਮ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜੋ ਆਰਥਿਕ ਕਾਰਨਾਂ ਕਰਕੇ ਤੀਰਥ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਮੌਕੇ ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਚਾਹਲ ਅਤੇ ਬਖਸ਼ੀਸ਼ ਸਿੰਘ, ਪੰਚ ਕੇਸਰ ਸਿੰਘ, ਕੈਪਟਨ ਓਂਕਾਰ ਸਿੰਘ, ਦਫ਼ਤਰ ਇੰਚਾਰਜ ਨਰਿੰਦਰ ਸਿੰਘ ਚਾਹਲ, ਪੰਚ ਧਰਮਿੰਦਰ ਸਿੰਘ, ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਪਿੰਡ ਵਾਸੀ ਹਾਜ਼ਰ ਸਨ।