08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਇਕ ਰਾਤ ਦੀ ਬਰਸਾਤ ਨੇ ਰੂਪਨਗਰ ਦੀ ਪਾਣੀ ਨਿਕਾਸੀ ਪ੍ਰਣਾਲੀ ਦੀ ਖੋਲ੍ਹੀ ਪੋਲ

ਅਜੀਤ ਡੈਸਕ 31-07-2026
ਰੂਪਨਗਰ, 30 ਜੁਲਾਈ (ਸਤਨਾਮ ਸਿੰਘ ਸੱਤੀ)- ਲੰਘੀ ਰਾਤ ਪਈ ਭਾਰੀ ਬਰਸਾਤ ਨੇ ਰੂਪਨਗਰ ਸ਼ਹਿਰ ਦੇ ਪਾਣੀ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ, ਜਦਕਿ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਥਾਂ-ਥਾਂ ਲੱਗੇ ਕੂੜੇ ਦੇ ਢੇਰ ਮੀਂਹ ਦੇ ਪਾਣੀ ਨਾਲ ਰੁੜ੍ਹ ਕੇ ਹੇਠਲੇ ਖੇਤਰਾਂ ਵਿਚ ਫੈਲ ਗਏ। ਇਸ ਕਾਰਨ ਸੜਕਾਂ, ਖਾਲੀ ਪਲਾਟਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਗੰਦਗੀ ਫੈਲ ਗਈ ਅਤੇ ਚਾਰੇ ਪਾਸੇ ਬਦਬੂ ਦਾ ਮਾਹੌਲ ਬਣ ਗਿਆ। ਮੀਂਹ ਤੋਂ ਬਾਅਦ ਸ਼ਹਿਰ ਦੀਆਂ ਕਈ ਸੜਕਾਂ ’ਤੇ ਗੰਦੇ ਲਿਫ਼ਾਫੇ, ਕੱਪੜੇ, ਲੀਰਾਂ ਅਤੇ ਹੋਰ ਕੂੜਾ-ਕਰਕਟ ਖਿਲਰਿਆ ਪਿਆ ਨਜ਼ਰ ਆਇਆ। ਉੱਚੇ ਖੇਤਰਾਂ ਤੋਂ ਵਹਿ ਕੇ ਆਈ ਗੰਦਗੀ ਹੇਠਲੇ ਇਲਾਕਿਆਂ ਵਿਚ ਜਮ੍ਹਾਂ ਹੋ ਗਈ, ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚ ਰਣਜੀਤ ਐਵੇਨਿਊ, ਦਸ਼ਮੇਸ਼ ਨਗਰ, ਮਾਧੋਦਾਸ ਕਲੋਨੀ, ਹਰਗੋਬਿੰਦ ਨਗਰ, ਮਲਹੋਤਰਾ ਕਲੋਨੀ ਤੇ ਗਾਹੂਣੀਆ ਐਨਕਲੇਵ ਸ਼ਾਮਲ ਹਨ, ਜਿੱਥੇ ਸੜਕਾਂ ਅਤੇ ਖਾਲੀ ਪਲਾਟ ਪਾਣੀ ਨਾਲ ਭਰ ਗਏ। ਸਥਾਨਕ ਲੋਕਾਂ ਅਨੁਸਾਰ ਪਬਲਿਕ ਕਲੋਨੀ ਵਲੋਂ ਆਉਂਦੇ ਨਾਲੇ ਦੇ ਓਵਰਫਲੋ ਹੋਣ ਅਤੇ ਅੱਗੇ ਨਾਲੇ ਵਿਚ ਰੁਕਾਵਟ ਆ ਜਾਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ, ਜਿਸ ਨਾਲ ਰਣਜੀਤ ਐਵੇਨਿਊ ਅਤੇ ਦਸ਼ਮੇਸ਼ ਨਗਰ ਵਿਚ ਸੜਕਾਂ ਜਲਥਲ ਹੋ ਗਈਆਂ ਅਤੇ ਕਈ ਘਰਾਂ ਵਿਚ ਪਾਣੀ ਦਾਖ਼ਲ ਹੋਣ ਦੀ ਨੌਬਤ ਬਣ ਗਈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਦੇ ਸਾਹਮਣੇ ਵਾਲੀ ਸੜਕ ਵੀ ਪਾਣੀ ਵਿਚ ਡੁੱਬ ਗਈ, ਜਿਸ ਕਾਰਨ ਸਕੂਲ ਦੀ ਚਾਰਦੀਵਾਰੀ ਤੇ ਨਾਲ ਲੱਗਦੀ ਰਣਜੀਤ ਐਵੇਨਿਊ ਕਲੋਨੀ ਦੀ ਚਾਰਦੀਵਾਰੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਭਾਰੀ ਮੀਂਹ ਪੈਂਦਾ ਰਿਹਾ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਕੂਲ ਅਤੇ ਆਸ-ਪਾਸ ਦੇ ਘਰਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਉੱਧਰ ਪਰਮਾਰ ਹਸਪਤਾਲ, ਜੋ ਪਹਿਲਾਂ ਤੋਂ ਹੀ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਦੇ ਆਲੇ-ਦੁਆਲੇ ਵੀ ਪਾਣੀ ਇਕੱਠਾ ਹੋ ਗਿਆ। ਇਸ ਕਾਰਨ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਪਾਣੀ ਨਿਕਾਸੀ ਪ੍ਰਣਾਲੀ ਨੂੰ ਜੰਗੀ ਪੱਧਰ ’ਤੇ ਦਰੁਸਤ ਕੀਤਾ ਜਾਵੇ, ਬੰਦ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਸਫਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ ਜਾਵੇ, ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੂੰ ਪੰਜਾਬ ਸਰਕਾਰ ਪੱਕਾ ਰੁਜ਼ਗਾਰ ਦੇਵੇ- ਚੌਂਤਾ ਅਗਲੀ ਖ਼ਬਰ ਪੰਜਾਬ ਬੰਦ ਨੂੰ ਰੂਪਨਗਰ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਮੁਕੰਮਲ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।