ਮੋਰਿੰਡਾ, 31 ਜੁਲਾਈ (ਪ੍ਰਿਤਪਾਲ ਸਿੰਘ)-ਸ਼ਮਸ਼ਾਨ ਘਾਟ ਮੋਰਿੰਡਾ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਤਰਸਯੋਗ ਬਣੀ ਹੋਈ ਹੈ। ਇਸ ਰਸਤੇ ਵਿਚ ਅਕਸਰ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਜਦੋਂ ਵੀ ਕਿਸੇ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਹੈ, ਤਾਂ ਉਸ ਸਮੇਂ ਪਰਿਵਾਰਕ ਮੈਂਬਰਾਂ ਅਤੇ ਸੰਬੰਧੀਆਂ ਨੂੰ ਮਜਬੂਰੀ ਵੱਸ ਇਸ ਗੰਦੇ ਪਾਣੀ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ। ਇੱਕ ਪਾਸੇ ਉਹ ਆਪਣੇ ਪਿਆਰੇ ਦੇ ਵਿਛੋੜੇ ਦਾ ਦੁੱਖ ਸਹਿ ਰਹੇ ਹੁੰਦੇ ਹਨ, ਉਥੇ ਹੀ ਇਸ ਸਮੱਸਿਆ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ ਅਤੇ ਉਹ ਪ੍ਰਸ਼ਾਸਨ ਨੂੰ ਕੋਸਦੇ ਹੋਏ ਦਿਖਾਈ ਦਿੰਦੇ ਹਨ। ਇਸ ਸਮੱਸਿਆ ਸਬੰਧੀ ਪਹਿਲਾਂ ਵੀ ਕਈ ਵਾਰ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਅੱਜ ਤੱਕ ਕਿਸੇ ਵੀ ਸਬੰਧਿਤ ਵਿਭਾਗ ਵਲੋਂ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਮੂਹ ਸ਼ਹਿਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਲੋਕ ਜਿਊਂਦੇ ਜੀਅ ਤਾਂ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਹੀ ਹਨ, ਘੱਟੋ-ਘੱਟ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਦੇ ਇਸ ਖ਼ਸਤਾ ਹਾਲ ਅਤੇ ਗੰਦੇ ਪਾਣੀ ਨਾਲ ਭਰੇ ਆਖ਼ਰੀ ਰਸਤੇ ਨੂੰ ਤਾਂ ਲੰਘਣ ਯੋਗ ਬਣਾ ਦਿੱਤਾ ਜਾਵੇ।