02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੇੜੇ ਸੀਵਰੇਜ ਓਵਰਫ਼ਲੋ ਕਾਰਨ ਸੜਕ ਹੋਈ ਖਸਤਾ ਹਾਲ

ਅਜੀਤ ਡੈਸਕ 01-08-2026
ਰੂਪਨਗਰ, 31 ਜੁਲਾਈ (ਸਤਨਾਮ ਸਿੰਘ ਸੱਤੀ)- ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨੂੰ ਜਾਂਦੀ ਮੁੱਖ ਸੜਕ ‘ਤੇ ਸੀਵਰੇਜ ਓਵਰਫ਼ਲੋ ਹੋਣ ਕਾਰਨ ਸੜਕ ਬੁਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਸੜਕ ਟੁੱਟਣ ਨਾਲ ਥਾਂ-ਥਾਂ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਸ਼ਰਧਾਲੂਆਂ ਸਮੇਤ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਲਗਾਤਾਰ ਸੀਵਰੇਜ ਦਾ ਪਾਣੀ ਸੜਕ ‘ਤੇ ਖੜ੍ਹਾ ਰਹਿਣ ਕਾਰਨ ਸੜਕ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਖ਼ਾਸ ਕਰਕੇ ਪੈਦਲ ਆਉਣ ਵਾਲੇ ਸ਼ਰਧਾਲੂਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਕੋਟਲਾ ਨਿਹੰਗ ਤੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਚੌਕ ਤੱਕ ਆਉਣ-ਜਾਣ ਵਾਲੇ ਰਾਹ ‘ਤੇ ਵੱਡੇ ਟੋਏ ਬਣ ਚੁੱਕੇ ਹਨ। ਇਨ੍ਹਾਂ ਕਾਰਨ ਨਾ ਸਿਰਫ਼ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਦੋਪਹੀਆ ਵਾਹਨ ਚਾਲਕਾਂ ਨਾਲ ਅਕਸਰ ਹਾਦਸੇ ਵੀ ਵਾਪਰ ਰਹੇ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰੇਜ ਓਵਰਫ਼ਲੋ ਹੋਣ ਦਾ ਮੁੱਖ ਕਾਰਨ ਸੀਵਰੇਜ ਦਾ ਸਹੀ ਕੁਨੈਕਸ਼ਨ ਨਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ, ਖ਼ਜ਼ਾਨਚੀ ਗੁਰਮੀਤ ਸਿੰਘ, ਕਥਾਵਾਚਕ ਗਿਆਨੀ ਪਵਿੱਤਰ ਸਿੰਘ, ਸਹਾਇਕ ਖ਼ਜ਼ਾਨਚੀ ਜਸਪਾਲ ਸਿੰਘ ਚੰਦੜ, ਪ੍ਰੇਮ ਸਿੰਘ, ਸਟੋਰ ਕੀਪਰ ਬਲਜੀਤ ਸਿੰਘ, ਕੌਂਸਲਰ ਗੁਰਵਿੰਦਰ ਸਿੰਘ ਬਾਵਾ, ਸਮਾਜ ਸੇਵੀ ਜਗਨੰਦਨ ਸਿੰਘ, ਸਾਬਕਾ ਕੌਂਸਲਰ ਅਮਰਿੰਦਰ ਸਿੰਘ ਬਾਵਾ, ਨਿਰਮਲ ਸਿੰਘ ਨਿੰਮਾ, ਮਨਜੀਤ ਸਿੰਘ ਤੰਬੜ, ਬਲਦੇਵ ਸਿੰਘ ਗਿੱਲ, ਕੁਲਵੰਤ ਸਿੰਘ ਸੈਣੀ, ਜੀਵਨ ਕੁਮਾਰ, ਪਵਨ ਕੁਮਾਰ, ਗੁਰਧਿਆਨ ਸਿੰਘ, ਦਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਇਲਾਕਾ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ, ਨਗਰ ਕੌਂਸਲ ਰੋਪੜ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਸਬੰਧਿਤ ਵਾਰਡ ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਸੋਨੂੰ ਤੋਂ ਮੰਗ ਕੀਤੀ ਹੈ, ਕਿ ਸੀਵਰੇਜ ਓਵਰਫ਼ਲੋ ਦੀ ਸਮੱਸਿਆ ਦਾ ਤੁਰੰਤ ਸਥਾਈ ਹੱਲ ਕਰਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਪਿਛਲੀ ਖ਼ਬਰ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਦੀ ਹਾਲਤ ਬਣੀ ਤਰਸਯੋਗ ਅਗਲੀ ਖ਼ਬਰ ਨੰਗਲ-ਭਾਖੜਾ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਜੰਗੀ ਪੱਧਰ ’ਤੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।