ਨਵਪ੍ਰੀਤ ਸ਼ਰਮਾ ਵਲੋਂ ਦੋਸ਼ਾਂ ਦਾ ਖੰਡਨ; ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਰੂਪਨਗਰ, 17 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ‘ਹੱਕ ਸੱਚ ਦੀ ਆਵਾਜ਼’ ਨਾਮਕ ਐਨ.ਜੀ.ਓ. ਦੀ ਸੰਚਾਲਕ ਨਵਪ੍ਰੀਤ ਸ਼ਰਮਾ ਖ਼ਿਲਾਫ਼ ਇੱਕ ਮਹਿਲਾ ਅਤੇ ਉਸ ਦੇ ਭਰਾ ਵਲੋਂ ਢਾਈ ਲੱਖ ਰੁਪਏ ਦੇ ਲੈਣ-ਦੇਣ ਸਬੰਧੀ ਸ਼ਿਕਾਇਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸ਼ਿਕਾਇਤਕਰਤਾ ਧਿਰ ਅਨੁਸਾਰ, ਘਰੇਲੂ ਵਿਵਾਦ ਦੇ ਮਾਮਲੇ ਵਿਚ ਮਦਦ ਲੈਣ ਲਈ ਉਕਤ ਰਕਮ ਵੱਖ-ਵੱਖ ਕਿਸ਼ਤਾਂ ਵਿਚ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਸ਼ਿਕਾਇਤਕਰਤਾ ਕਮਲ ਨੇ ਦੱਸਿਆ ਕਿ ਉਸ ਦੀ ਭੈਣ ਦਾ ਆਪਣੇ ਸਾਥੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ ਅਤੇ ਇਸ ਸਬੰਧੀ ਮਦਦ ਲੈਣ ਲਈ ਉਹ ਸੋਸ਼ਲ ਮੀਡੀਆ ਰਾਹੀਂ ਸੰਸਥਾ ਦੇ ਸੰਪਰਕ ਵਿਚ ਆਏ ਸਨ। ਕਮਲ ਦਾ ਦਾਅਵਾ ਹੈ ਕਿ ਮਾਮਲੇ ਵਿਚ ਮਦਦ ਅਤੇ ਕਾਰਵਾਈ ਕਰਵਾਉਣ ਦੇ ਸਬੰਧ ਵਿਚ ਕੁੱਲ ਢਾਈ ਲੱਖ ਰੁਪਏ ਦਿੱਤੇ ਗਏ। ਉਸ ਨੇ ਇਸ ਸਬੰਧੀ ਐਸ.ਐਸ.ਪੀ. ਰੂਪਨਗਰ ਨੂੰ ਸ਼ਿਕਾਇਤ ਦੇਣ ਦੀ ਗੱਲ ਵੀ ਕਹੀ ਹੈ। ਕਮਲ ਵਲੋਂ ਪੱਤਰਕਾਰ ਨੂੰ ਇੱਕ ਆਡੀਓ ਰਿਕਾਰਡਿੰਗ ਵੀ ਸੌਂਪੀ ਗਈ, ਜਿਸ ਬਾਰੇ ਉਸ ਦਾ ਦਾਅਵਾ ਹੈ ਕਿ ਇਸ ਵਿਚ ਨਵਪ੍ਰੀਤ ਸ਼ਰਮਾ ਨਾਲ ਹੋਈ ਗੱਲਬਾਤ ਦਰਜ ਹੈ। ਹਾਲਾਂਕਿ, ਰਿਕਾਰਡਿੰਗ ਦੀ ਪ੍ਰਮਾਣਿਕਤਾ ਅਤੇ ਇਸ ਵਿਚ ਬੋਲਣ ਵਾਲਿਆਂ ਦੀ ਪਛਾਣ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਦੂਜੇ ਪਾਸੇ, ਨਵਪ੍ਰੀਤ ਸ਼ਰਮਾ ਨੇ ਆਪਣੇ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਇਸ ਪਿੱਛੇ ਸਿਆਸੀ ਜਾਂ ਨਿੱਜੀ ਰੰਜਿਸ਼ ਹੋਣ ਦੀ ਸੰਭਾਵਨਾ ਵੀ ਜਤਾਈ। ਇਸ ਸਬੰਧੀ ਐਸ.ਐੱਚ.ਓ. ਰੂਪਨਗਰ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।