ਅਜਨਾਲਾ, 12 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਤੇ ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ. ਗੁਰਸਾਹਿਬ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ ਹੇਠ ਬਲਾਕ ਖੇਤੀਬਾੜੀ ਅਫਸਰ ਅਜਨਾਲਾ ਡਾ. ਹਰਭਿੰਦਰ ਸਿੰਘ ਅਤੇ ਸਮੂਹ ਸਟਾਫ ਏ. ਡੀ. ਓ., ਏ. ਈ. ਓ. ਅਤੇ ਆਤਮਾ ਸਟਾਫ ਦੇ ਸਹਿਯੋਗ ਨਾਲ ਬਲਾਕ ਅਜਨਾਲਾ ਵਿਖੇ ਹਰ ਸਾਲ ਦੀ ਤਰਾਂ ਅੱਜ ਵੀ ਵਿਸ਼ਵ ਦਾਲ ਦਿਵਸ ਮਨਾਇਆ | ਇਸ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਡਾ: ਹਰਭਿੰਦਰ ਸਿੰਘ ਨੇ ਦੱਸਿਆ ਕਿ ਇਸ ਦਾਲ ਦਿਵਸ ਦਾ ਮਕਸਦ ਕਿਸਾਨਾਂ ਅਤੇ ਆਮ ਲੋਕਾਂ ਨੂੰ ਦਾਲਾਂ ਦੀ ਖੇਤੀ ਦੀ ਮਹੱਤਤਾ ਅਤੇ ਪੋਸ਼ਣ ਲਾਭ ਅਤੇ ਮਿੱਟੀ ਦੀ ਸਿਹਤ ਵਿਚ ਉਨਾਂ ਦੇ ਯੋਗਦਾਨ ਬਾਰੇ ਜਾਗਰੂਕ ਕਰਨਾ ਹੈ | ਉਨਾਂ ਦੱਸਿਆ ਕਿ ਦਾਲਾਂ ਪ੍ਰੋਟੀਨ ਦਾ ਇਕ ਉੱਤਮ ਅਤੇ ਵਧੀਆ ਸਰੋਤ ਹਨ ਅਤੇ ਦਾਲਾਂ ਵਿਚ 18 ਤੋਂ 25 ਪ੍ਰਤੀਸ਼ਤ ਪ੍ਰੋਟੀਨ, ਫਾਈਬਰ ਅਤੇ ਹੋਰ ਮਹੱਤਵਪੂਰਨ ਤੱਤ ਮਿਲਦੇ ਹਨ, ਜਿਸ ਕਾਰਨ ਮਨੁੱਖੀ ਸਿਹਤ ਤੰਦਰੁਸਤ ਰਹਿੰਦੀ ਹੈ | ਉਨਾਂ ਅੱਗੇ ਦੱਸਿਆ ਕਿ ਦਾਲਾਂ ਦੀ ਖੇਤੀ ਨਾਲ ਮਿੱਟੀ ਵਿਚ ਨਾਈਟ੍ਰੋਜਨ ਦੀ ਮਾਤਰਾ ਵੱਧਦੀ ਹੈ ਜਿਸ ਨਾਲ ਅਗਲੀ ਫਸਲ ਵਿਚ 20 ਤੋਂ 25 ਪ੍ਰਤੀਸ਼ਤ ਖਾਦਾਂ ਦੀ ਖਪਤ ਘੱਟਦੀ ਹੈ | ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੀ.ਏ.ਯੂ. ਵਲੋਂ ਸਿਫਾਰਿਸ਼ ਸ਼ੁੱਦਾ ਹਾੜੀ ਅਤੇ ਸਾਉਣੀ ਦੀਆਂ ਦਾਲਾਂ ਦੀਆਂ ਕਿਸਮਾਂ ਜਿਵੇਂ ਕਿ ਛੋਲੇ, ਮਾਂਹ, ਮਸਰ, ਮੂੰਗੀ, ਅਰਹਰ ਦਾ ਥੋੜਾ-2 ਰਕਬਾ ਜਰੂਰ ਬੀਜਣਾ ਚਾਹੀਦਾ ਹੈ | ਇਸ ਮੌਕੇ ਪ੍ਰਭਜੋਤ ਕੌਰ ਏ.ਡੀ.ਓ., ਗੁਰਿੰਦਰ ਸਿੰਘ, ਜਸਦੀਪ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਕੌਰ, ਕੁਲਵਿੰਦਰ ਕੌਰ, ਏ.ਈ.ਓ. ਕੁਲਜੀਤ ਕੌਰ, ਜੁਗਰਾਜ ਸਿੰਘ, ਬ੍ਰਹਮਜੀਤ ਸਿੰਘ ਰਣਜੀਤ ਸਿੰਘ ਤੋਂ ਇਲਾਵਾ ਕਿਸਾਨ ਬਲਦੇਵ ਸਿੰਘ ਸਾਰੰਗਦੇਵ ਅਤੇ ਹਰਿੰਦਰ ਸਿੰਘ ਪੂੰਗਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |