ਰਈਆ, 29 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਰਈਆ ਦੀ ਅਨਾਜ ਮੰਡੀ ਵਿਚੋਂ ਕਣਕ ਦੀ ਚੁਕਾਈ ਨਾ ਹੋਣ ਤੋਂ ਦੁਖੀ ਮਜ਼ਦੂਰਾਂ ਵਲੋਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅਧਿਕਾਰੀਆਂ ਦਾ ਪਿਟ ਸਿਆਪਾ ਕੀਤਾ ਗਿਆ ਤੇ ਜਲਦੀ ਤੋਂ ਜਲਦੀ ਲਿਫਟਿੰਗ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਜਰ ਸਿੰਘ, ਰਈਆ ਮੰਡੀ ਦੇ ਪ੍ਰਧਾਨ ਮੋਹਣ ਸਿੰਘ ਫੇਰੂਮਾਨ, ਸੈਕਟਰੀ ਬਲਵੰਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਭਿੰਡਰ, ਮੋਤੀਲਾਲ, ਸੁਖਪਾਲ ਸਿੰਘ ਵਡਾਲਾ, ਵਿੱਕੀ ਚੀਮਾਬਾਠ, ਵਿਜੈ ਕੁਮਾਰ, ਬਾਲੀ, ਰਾਮੂੰ ਚੌਧਰੀ, ਬਚਨ ਸ਼ਰਮਾ ਤੇ ਨਿਰਮਲ ਸਿੰਘ ਬਦੇਸ਼ਾ ਆਦਿ ਹਾਜ਼ਿਰ ਸਨ | ਇਸ ਮੌਕੇ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਸ ਵਾਰ ਮੌਸਮ ਖ਼ਰਾਬ ਹੋਣ ਕਰਕੇ ਕਣਕ ਦਾ ਸੀਜ਼ਨ ਸਿਰਫ ਇਕ ਹਫਤਾ ਹੀ ਚਲ ਪਾਇਆ ਹੈ | ਹੁਣ ਮੰਡੀ ਵਿਚੋਂ ਲਿਫਟਿੰਗ ਸੁਸਤ ਹੋਣ ਕਰਕੇ ਮਜ਼ਦੂਰ ਵਿਹਲੇ ਬੈਠ ਕੇ ਖਾ ਰਹੇ ਹਨ | ਜੇ ਇਹੀ ਹਾਲ ਰਿਹਾ ਤਾਂ ਮਜ਼ਦੂਰਾਂ ਨੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਵਲੋਂ ਹੱਡ ਭੰਨਵੀਂ ਮਿਹਨਤ ਨਾਲ ਕਮਾਇਆ ਪੈਸਾ ਧੇਲਾ ਜਿਹੜਾ ਪਿੱਛੇ ਆਪਣੇ ਪ੍ਰੀਵਾਰਾਂ ਲਈ ਲੈ ਕੇ ਜਾਣਾ ਹੈ ਉਹ ਇਥੇ ਹੀ ਖਾਧਾ ਜਾਣਾ ਹੈ ਉਨ੍ਹਾਂ ਦੱਸਿਆ ਕਿ ਇਸ ਦਾ ਅਸਲ ਕਾਰਣ ਗੁਦਾਮਾਂ ਵਿਚ ਮਾਲ ਉਤਾਰਨ ਵਾਲੇ ਮਜ਼ਦੂਰਾਂ ਦੇ ਠੇਕੇਦਾਰ ਕੋਲ ਲੋੜੀਂਦੇ ਮਜ਼ਦੂਰ ਨਾ ਹੋਣ ਕਰਕੇ ਗੱਡੀਆਂ ਜਲਦੀ ਖਾਲੀ ਨਹੀਂ ਹੋ ਰਹੀਆਂ ਜਿਸ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ | ਦੂਜਾ ਗੁਦਾਮ ਵੀ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਸਕੇ ਤੇ ਟਰਾਂਸਪੋਰਟ ਠੇਕੇਦਾਰ ਕੋਲ ਗੱਡੀਆਂ ਵੀ ਘੱਟ ਹਨ | ਉਨ੍ਹਾਂ ਕਿਹਾ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਅੱਖਾਂ ਮੀਟ ਕੇ ਤਮਾਸ਼ਾ ਵੇਖ ਰਹੇ ਹਨ | ਸਾਡੀ ਕੋਈ ਸਾਰ ਨਹੀਂ ਲੈ ਰਿਹਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਾਡੀ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਹਬੂਰਨ ਜੀ.ਟੀ ਰੋਡ ਜਾਮ ਕਰਨਾ ਪਵੇਗਾ |