ਬਾਬਾ ਬਕਾਲਾ ਸਾਹਿਬ, 29 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਗੱਲੀਂ ਬਾਤੀਂ ਅਤੇ ਧੱਕੇਸ਼ਾਹੀ ਨਾਲ ਆਪਣੇ 4 ਸਾਲ ਪੂਰੇ ਕੀਤੇ ਹਨ, ਉਥੇ ਹਰ ਪਲੇਟਫਾਰਮ 'ਤੇ ਝੂਠੀ ਸਾਬਤ ਹੋਈ ਹੈ, ਲੋਕਾਂ ਨੂੰ ਫਰੀ ਬਿਜਲੀ ਦੇਣ ਦੇ ਲਾਰੇ ਲਾਉਣ ਤੋਂ ਬਾਅਦ ਅੱਜ ਪੰਜਾਬ ਵਿਚ ਲੰਬੇ ਅਤੇ ਰੋਜ਼ਾਨਾ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਹਨ, ਜਿਸ ਕਾਰਨ ਭਾਰੀ ਗਰਮੀ ਕਾਰਣ ਲੋਕ ਤਰਾਹ-ਤਰਾਹ ਕਰ ਰਹੇ ਹਨ | ਇਹ ਪ੍ਰਗਟਾਵਾ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਅਤੇ ਲੰਬੇ ਅਤੇ ਰੋਜ਼ਾਨਾ ਬਿਜਲੀ ਕੱਟਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ 30 ਅਪ੍ਰੈਲ, ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਦੇ ਦਫਤਰ ਮੂਹਰੇ ਇਕ ਵੱਡਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜ: ਹਰਦੇਵ ਸਿੰਘ ਨਾਗੋਕੇ, ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲ਼ਕਾ, ਅਜਮਿੰਦਰ ਸਿੰਘ ਸਾਹਬਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸਾ: ਸਰਪੰਚ ਸੇਰੋਂ ਆਦਿ ਹਾਜ਼ਰ ਸਨ |