ਜੰਡਿਆਲਾ ਗੁਰ, 30 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਸਕੂਲ ਆਫ ਐਮੀਨੈਂਸ ਜੰਡਿਆਲਾ ਗੁਰੂ ਵਿਖੇ ਨਵੀਨਤਾ ਅਤੇ ਉਦਮਤਾ ਨੂੰ ਸਮਰਪਿਤ ਕਰਵਾਏ ਗਏ ਇੱਕ ਵਿਸ਼ੇਸ਼ ਅਤੇ ਪ੍ਰੇਰਣਾਦਾਇਕ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਬਿਜ਼ਨਸ ਬਲਾਸਟਰ ਪ੍ਰਾਜੈਕਟ ਦਾ ਨਿਰੀਖਣ ਕਰਨ ਦੇ ਨਾਲ ਸਕੂਲ ਵਿਚ ਬਣੀ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਸ. ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਰੁਜ਼ਗਾਰ-ਕੇਂਦਰਿਤ ਸਵੈ ਨਿਰਭਰ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਉਨ੍ਹਾਂ ਨੇ ਬਿਜ਼ਨਸ ਬਲਾਸਟਰ ਸਕੀਮ ਅਧੀਨ ਪ੍ਰਾਪਤ ਰਾਸ਼ੀ ਨੂੰ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਹਕੀਕਤ ਵਿਚ ਤਬਦੀਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਆਪਣੇ ਛੋਟੇ ਉਦਮ ਸਥਾਪਿਤ ਕਰ ਸਕਣ ਅਤੇ ਆਤਮਨਿਰਭਰ ਬਣ ਸਕਣ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ | ਇਸ ਸਮਾਗਮ ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਸਤਿੰਦਰ ਸਿੰਘ, ਸਰਬਜੀਤ ਸਿੰਘ ਡਿੰਪੀ, ਸਕੂਲ ਪ੍ਰਬੰਧਕ ਅਧਿਕਾਰੀ, ਸਕੂਲ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ |