10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੰਡੀਗੜ੍ਹ ਤੋਂ ਪੰਜਾਬ ਦੀਆਂ ਮੰਡੀਆਂ ਤੱਕ ਭਿ੍ਸ਼ਟਾਚਾਰ ਦੀ ਚੇਨ ਸਰਗਰਮ, ਕਣਕ ਖ਼ਰੀਦ ਦੇ ਨਾਂਅ 'ਤੇ ਪੰਜਾਬ ਵਿਚ ਹੋ ਰਹੀ ਖੁੱਲ੍ਹੀ ਲੁੱਟ-ਗੁਰਜੀਤ ਸਿੰਘ ਔਜਲਾ <br/>

ਦਾਣਾ ਮੰਡੀ ਅਜਨਾਲਾ ਵਿਖੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਖੜ੍ਹੇ ਅਮਨ ਕਲੇਰ, ਹਰਜਿੰਦਰ ਸਿੰਘ ਬਾਜਵਾ, ਹਰਪਾਲ ਸਿੰਘ ਮੰਨਣ ਤੇ ਹੋਰ ਆੜ੍ਹਤੀ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾਣਾ ਮੰਡੀ ਅਜਨਾਲਾ 'ਚ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਨਾਲ ਹਰਜਿੰਦਰ ਸਿੰਘ ਬਾਜਵਾ, ਆੜ੍ਹਤੀ ਗੁਰਦੇਵ ਸਿੰਘ ਨਿੱਝਰ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ <br/> 03-05-2026
ਅਜਨਾਲਾ, 2 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਉੱਥੇ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮੰਡੀਆਂ 'ਚ ਮੌਜੂਦ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ | ਦਾਣਾ ਮੰਡੀ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਣਕ ਖ਼ਰੀਦ, ਲਿਫ਼ਟਿੰਗ ਅਤੇ ਟਰਾਂਸਪੋਰਟ ਸਿਸਟਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਅਧਿਕਾਰੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਥਿਤ ਦੋਸ਼ ਲਗਾਇਆ ਕਿ ਕਿਸਾਨਾਂ ਦੀ ਮਿਹਨਤ ਦੀ ਫ਼ਸਲ ਅਤੇ ਟੈਕਸ ਭਰਨ ਵਾਲੇ ਲੋਕਾਂ ਦੇ ਪੈਸਿਆਂ 'ਤੇ ਸੁਚੱਜੇ ਢੰਗ ਨਾਲ ਖੇਡ ਖੇਡੀ ਜਾ ਰਹੀ ਹੈ, ਜਦਕਿ ਮੰਡੀਆਂ ਵਿਚ ਕਿਸਾਨ, ਆੜ੍ਹਤੀ, ਮਜ਼ਦੂਰ ਅਤੇ ਟਰੱਕ ਡਰਾਈਵਰ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਉਨ੍ਹਾਂ ਦੱਸਿਆ ਕਿ ਪੂਰੇ ਸਿਸਟਮ ਦੀ ਹਾਲਤ ਬਹੁਤ ਮਾੜੀ ਹੈ, ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਪਰ ਲਿਫ਼ਟਿੰਗ ਨਾ-ਮਾਤਰ ਹੋ ਰਹੀ ਹੈ | ਔਜਲਾ ਨੇ ਅੱਗੇ ਕਿਹਾ ਕਿ ਕਣਕ ਦੀ ਖ਼ਰੀਦ ਕੇਂਦਰ ਸਰਕਾਰ ਦੇ ਪੈਸਿਆਂ ਨਾਲ ਹੁੰਦੀ ਹੈ ਅਤੇ ਫੂਡ ਸਿਵਲ ਸਪਲਾਈ ਐਂਡ ਕਨਜਿਊਮਰ ਅਫੇਅਰਜ਼ ਵਿਭਾਗ ਇਸ ਲਈ ਜ਼ਿੰਮੇਵਾਰ ਹੈ | ਉਨ੍ਹਾਂ ਦੱਸਿਆ ਕਿ ਮਜ਼ਦੂਰੀ, ਟਰਾਂਸਪੋਰਟ, ਲੋਡਿੰਗ-ਅਨਲੋਡਿੰਗ ਅਤੇ ਵੇਅਰਹਾਊਸ ਤੱਕ ਦਾ ਸਾਰਾ ਖਰਚਾ ਵੀ ਕੇਂਦਰ ਸਰਕਾਰ ਚੁੱਕਦੀ ਹੈ, ਪਰ ਇਸਦੇ ਬਾਵਜੂਦ ਪੰਜਾਬ ਵਿਚ ਕਰੋੜਾਂ ਰੁਪਏ ਦਾ ਖੇਡ ਚੱਲ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਟਰਾਂਸਪੋਰਟ ਦੇ ਟੈਂਡਰ ਅਜਿਹੇ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਕੋਲ ਟਰੱਕ ਤੱਕ ਨਹੀਂ ਹਨ ਤੇ ਹੋਰਨਾਂ ਵਹੀਕਲਾਂ ਦੀਆਂ ਆਰ.ਸੀ. ਲਗਾ ਕੇ ਕਰੋੜਾਂ ਦੇ ਟੈਂਡਰ ਲਏ ਗਏ ਹਨ, ਜਦੋਂ ਮੰਡੀਆਂ ਵਿਚ ਟਰੱਕਾਂ ਦੀ ਲੋੜ ਪੈਂਦੀ ਹੈ ਤਾਂ ਕੋਈ ਗੱਡੀ ਨਜ਼ਰ ਨਹੀਂ ਆਉਂਦੀ | ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕਰਦਿਆਂ ਦੱਸਿਆ ਕਿ ਕਿਸੇ ਵੀ ਮੰਡੀ ਵਿਚ 10 ਫ਼ੀਸਦੀ ਤੱਕ ਵੀ ਸਰਕਾਰੀ ਲਿਫ਼ਟਿੰਗ ਨਹੀਂ ਹੋ ਰਹੀ, ਜਦਕਿ 90 ਫ਼ੀਸਦੀ ਕੰਮ ਆੜ੍ਹਤੀਆਂ 'ਤੇ ਦਬਾਅ ਪਾ ਕੇ ਪ੍ਰਾਈਵੇਟ ਤੌਰ 'ਤੇ ਕਰਵਾਇਆ ਜਾ ਰਿਹਾ ਹੈ, ਇਸ ਕਾਰਨ ਆੜ੍ਹਤੀਆਂ 'ਤੇ 25 ਤੋਂ 30 ਫ਼ੀਸਦੀ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਔਜਲਾ ਨੇ ਅੱਗੇ ਦੱਸਿਆ ਕਿ ਕਣਕ ਜੰਡਿਆਲਾ ਗੁਰੂ, ਟਾਂਗਰਾ ਰੋਡ, ਭਗਤਾਂਵਾਲਾ, ਨਵਾਂ ਪਿੰਡ ਅਤੇ ਮਜੀਠਾ ਦੇ ਵੇਅਰਹਾਊਸਾਂ ਵਿਚ ਭੇਜੀ ਜਾ ਰਹੀ ਹੈ, ਪਰ ਉੱਥੇ ਵੀ ਭਿ੍ਸ਼ਟਾਚਾਰ ਅਤੇ ਅਵਿਵਸਥਾ ਦਾ ਮਾਹੌਲ ਹੈ | ਉਨ੍ਹਾਂ ਦੋਸ਼ ਲਗਾਇਆ ਕਿ ''ਪੈਸੇ ਦਿਓ ਨਹੀਂ ਤਾਂ ਟਰੱਕ ਵਾਪਸ ਕਰ ਦਿਆਂਗੇ'' ਵਰਗੇ ਸੁਨੇਹੇ ਖੁੱਲ੍ਹੇਆਮ ਭੇਜੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਈ ਟਰੱਕ 5 ਤੋਂ 7 ਦਿਨ ਤੱਕ ਮੰਡੀਆਂ ਅਤੇ ਵੇਅਰਹਾਊਸਾਂ ਵਿਚ ਫਸੇ ਰਹਿੰਦੇ ਹਨ, ਜਿਸ ਕਾਰਨ ਡਰਾਈਵਰਾਂ, ਮਜ਼ਦੂਰਾਂ ਅਤੇ ਪੱਲੇਦਾਰਾਂ ਦੀ ਦਿਹਾੜੀ ਤੱਕ ਮਾਰੀ ਜਾ ਰਹੀ ਹੈ | ਸੰਸਦ ਮੈਂਬਰ ਔਜਲਾ ਨੇ 2016 ਦਾ ਮਾਮਲਾ ਚੇਤੇ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਕਣਕ ''ਗ਼ਾਇਬ'' ਦਿਖਾ ਦਿੱਤੀ ਗਈ ਸੀ ਅਤੇ ਉਸ ਵੇਲੇ ਵੀ ਟਰਾਂਸਪੋਰਟ ਸਿਸਟਮ ਸਵਾਲਾਂ ਦੇ ਘੇਰੇ ਵਿਚ ਸੀ | ਉਨ੍ਹਾਂ ਸਵਾਲ ਕੀਤਾ ਕਿ ਆਖਿਰ ਉਹ ਕਣਕ ਗਈ ਕਿੱਥੇ ਸੀ ਅਤੇ ਹੁਣ ਫਿਰ ਉਹੀ ਸਿਸਟਮ ਕਿਉਂ ਦੁਹਰਾਇਆ ਜਾ ਰਿਹਾ ਹੈ? ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਅੰਮਿ੍ਤਸਰ ਜ਼ਿਲ੍ਹੇ ਵਿਚ ਹੀ ਕਰੀਬ 100 ਕਰੋੜ ਰੁਪਏ ਦਾ ਖੇਡ ਚੱਲ ਰਿਹਾ ਹੈ | ਅਜਨਾਲਾ ਖੇਤਰ ਵਿਚ ਲਗਭਗ 20 ਲੱਖ ਤੋੜਾ ਕਣਕ ਦੀ ਖ਼ਰੀਦ ਹੋਣੀ ਹੈ ਅਤੇ ਪ੍ਰਤੀ ਕੁਇੰਟਲ 25 ਤੋਂ 80 ਰੁਪਏ ਤੱਕ ਟਰਾਂਸਪੋਰਟ ਦਾ ਖਰਚਾ ਬਣਦਾ ਹੈ | ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਿੱਧੇ ਤੌਰ 'ਤੇ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ''ਚੰਡੀਗੜ੍ਹ ਤੋਂ ਲੈ ਕੇ ਹੇਠਾਂ ਤੱਕ ਰਿਸ਼ਵਤ ਅਤੇ ਮਿਲੀਭੁਗਤ ਦਾ ਸਿਸਟਮ ਚੱਲ ਰਿਹਾ ਹੈ | ਟੈਂਡਰ ਦੇਣ ਤੋਂ ਪਹਿਲਾਂ ਗੱਡੀਆਂ ਦੀ ਜਾਂਚ ਤੱਕ ਨਹੀਂ ਹੁੰਦੀ ਅਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰੋੜਾਂ ਰੁਪਏ ਵੰਡੇ ਜਾ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੂਰੇ ਮਾਮਲੇ ਦੀ ਹਾਈ ਲੈਵਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਇਹ ਪੰਜਾਬ ਦੇ ਕਿਸਾਨਾਂ ਅਤੇ ਟੈਕਸ ਭਰਨ ਵਾਲੇ ਲੋਕਾਂ ਨਾਲ ਵੱਡਾ ਧੋਖਾ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਮਿਲੀਭੁਗਤ ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਬਿਨਾਂ ਅਫ਼ਸਰਸ਼ਾਹੀ ਦੀ ਮਦਦ ਅਤੇ ਭਿ੍ਸ਼ਟਾਚਾਰ ਦੇ ਇਹ ਸੰਭਵ ਨਹੀਂ | ਇਸ ਲਈ ਮੁੱਖ ਮੰਤਰੀ ਜਾਂਚ ਕਰਵਾ ਕੇ ਇੱਕ ਮਿਸਾਲ ਕਾਇਮ ਕਰਨ | ਇਸ ਮੌਕੇ ਆੜ੍ਹਤੀ ਅਮਨਦੀਪ ਸਿੰਘ ਅਮਨ ਕਲੇਰ, ਹਰਜਿੰਦਰ ਸਿੰਘ ਬਾਜਵਾ, ਆੜ੍ਹਤੀ ਗੁਰਦੇਵ ਸਿੰਘ ਨਿੱਝਰ, ਹਰਪਾਲ ਸਿੰਘ ਮੰਨਣ, ਪ੍ਰਸ਼ੋਤਮ ਸਿੰਘ ਖਤਰਾਏ, ਬਿਕਰਮਜੀਤ ਸਿੰਘ ਛੀਨਾ, ਦਲਜੀਤ ਸਿੰਘ ਗਿੱਲ, ਰੋਹਿਤ ਪੁਰੀ ਲੱਕੀ, ਸੁਖਬੀਰ ਸਿੰਘ ਰਿਆੜ, ਗੁਰਮੁਖ ਸਿੰਘ ਮੋਹਨ ਭੰਡਾਰੀਆਂ, ਸੁਖਜਿੰਦਰ ਸਿੰਘ ਬਾਊ, ਰਾਜੀਵ ਗਾਂਧੀ, ਗੁਰਵੰਤ ਸਿੰਘ ਕੋਟਲੀ, ਰਾਜੀਵ ਗਾਂਧੀ, ਹਰਜੀਤ ਸਿੰਘ, ਪਰਗਟ ਸਿੰਘ ਸਰਾਂ, ਅਤੇ ਜਗਦੀਸ਼ ਸਿੰਘ ਛੀਨਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਲੋਬਲ ਇੰਸਟੀਚਿਊਟ ਸਿੱਖਿਆ ਤੇ ਤਕਨੀਕੀ ਖੇਤਰ 'ਚ ਪੁੱਟ ਰਿਹਾ ਹੈ ਨਵੀਆਂ ਪੁਲਾਂਘਾਂ-ਚੇਅਰਮੈਨ ਚੰਦੀ <br/> ਅਗਲੀ ਖ਼ਬਰ ਮਜੀਠਾ ਹਲਕੇ ਵਿਚ ਤਲਬੀਰ ਸਿੰਘ ਗਿੱਲ ਮਜ਼ਬੂਤ ਅਤੇ ਲੋਕਪਿ੍ਯ ਆਗੂ ਵਜੋਂ ਉਭਰ ਰਹੇ ਹਨ-ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।