ਚੋਗਾਵਾਂ, 19 ਮਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਮੰਜ ਵਿਖੇ ਨਖਾਸੂ ਨਾਲੇ ਲਾਗੇ ਬਹਿਕ ਤੇ ਰਹਿੰਦੇ ਵਰਿਆਮ ਸਿੰਘ, ਦਿਲਬਾਗ ਸਿੰਘ ਤੇ ਅੰਮਿ੍ਤਪਾਲ ਸਿੰਘ ਦੇ ਘਰਾਂ ਦਾ ਰਸਤਾ ਪਿਛਲੇ ਇਕ ਸਾਲ ਤੋਂ ਬੰਦ ਕਰਨ ਦੇ ਰੋਸ ਵਿਚ ਅੱਜ ਲੋਕ ਭਲਾਈ ਸਮਾਜ ਸੇਵਾ ਸੁਸਾਇਟੀ ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਚੇਅਰਮੈਨ ਮਨਜੀਤ ਸਿੰਘ ਜੱਜੇ, ਬਲਜਿੰਦਰ ਸਿੰਘ ਸੈਕਟਰੀ ਅਤੇ ਕੁਲਦੀਪ ਸਿੰਘ ਸਾਰੰਗੜਾ ਦੀ ਅਗਵਾਈ ਹੇਠ ਪ੍ਰਸ਼ਾਸਨ ਖ਼ਿਲਾਫ਼ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ | ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਜੱਜੇ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪਿੰਡ ਸਾਰੰਗੜਾ ਤੋਂ ਮੰਜ ਰੋਡ 'ਤੇ ਪੈਂਦੇ ਨਖਾਸੂ ਨਾਲੇ ਦੀ ਗਲਤ ਨਿਸ਼ਾਨਦੇਹੀ ਕਰਵਾ ਕੇ ਬਣਾਇਆ ਗਿਆ | ਇਹ ਨਖਾਸੂ ਨਾਲਾ ਕਰੀਬ 40 ਫੁੱਟ ਹੈ | ਹੁਣ ਇਹ ਕਰੀਬ 10 ਫੁੱਟ ਦੇ ਚੱਲ ਰਿਹਾ ਹੈ | ਕਿਉਂਕਿ ਨਖਾਸੂ ਨਾਲੇ ਦੇ ਰਸਤੇ ਨੂੰ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਵਾਹ ਕੇ ਆਪਣੀ ਜ਼ਮੀਨ ਵਿਚ ਰਲਾ ਲਿਆ | ਗ਼ਰੀਬ ਪਰਿਵਾਰ ਘਰਾਂ ਵਿਚ ਹੀ ਕੈਦ ਹੋ ਗਏ ਹਨ | ਉਨ੍ਹਾਂ ਦਾ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਹੈ | ਇਸ ਸੰਬੰਧੀ ਉਕਤ ਪਰਿਵਾਰਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜ਼ਿਲ੍ਹੇ ਦੇ ਡੀ. ਸੀ. ਸਾਹਿਬ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਜਿਸਦਾ ਵਾਲਮੀਕਿ ਭਾਈਚਾਰੇ ਵਿਚ ਭਾਰੀ ਰੋਸ ਹੈ | ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਕਰਵਾ ਉਕਤ ਰਸਤਾ ਚਾਲੂ ਨਾ ਕਰਵਾਇਆ ਤਾਂ ਉਹ ਬੀ.ਡੀ.ਪੀ.ਓ. ਦਫਤਰ ਚੋਗਾਵਾਂ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨ ਲਈ ਮਜਬੂਰ ਹੋਣਗੇ | ਇਸ ਸੰਬੰਧੀ ਬੀ. ਡੀ. ਪੀ. ਓ. ਚੋਗਾਵਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਨਾ ਹੀ ਕੋਈ ਦਰਖਾਸਤ ਆਈ ਹੈ | ਇਹ ਮਾਲ ਮਹਿਕਮੇਂ ਦਾ ਕੰਮ ਹੈ, ਫਿਰ ਵੀ ਉਹ ਜਾਂਚ ਪੜਤਾਲ ਕਰਵਾਉਣਗੇ |
ਪਿੰਡ ਮੰਜ ਵਿਖੇ ਘਰਾਂ ਦਾ ਰਸਤਾ ਬੰਦ ਕਰਨ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਨ ਸਮੇਂ ਚੇਅਰਮੈਨ ਮਨਜੀਤ ਸਿੰਘ ਜੱਜੇ ਨਾਲ ਕੁਲਦੀਪ ਸਿੰਘ ਸਾਰੰਗੜਾ, ਬਲਜਿੰਦਰ ਸਿੰਘ ਸੈਕਟਰੀ, ਵਰਿਆਮ ਸਿੰਘ, ਅੰਮਿ੍ਤਪਾਲ ਸਿੰਘ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ ਕਲਸੀ
ਗ਼ਰੀਬ ਪਰਿਵਾਰਾਂ ਦੇ ਘਰਾਂ ਦਾ ਰਸਤਾ ਬੰਦ ਕਰਨ 'ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ <br/>
ਅਜੀਤ ਡੈਸਕ
20-05-2026