ਚੋਗਾਵਾਂ, 4 ਜੂਨ (ਗੁਰਵਿੰਦਰ ਸਿੰਘ ਕਲਸੀ)-ਪਿੰਡ ਵਣੀਏਕੇ ਵਿਖੇ ਬਾਬਾ ਕਰੀਮ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਸਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ ਸਮੂਹ ਪਿੰਡ ਵਾਸੀ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਦਰਗਾਹ 'ਤੇ ਚਾਦਰ ਚੜਾ ਕੇ ਕੀਤੀ ਗਈ | ਉਪਰੰਤ ਲੱਗੇ ਖੁੱਲੇ ਅਖਾੜੇ ਵਿਚ ਪੰਜਾਬੀ ਗਾਇਕ ਗੁਰਮੀਤ ਪੰਜਾਬੀ ਅਤੇ ਗਾਇਕ ਜੋੜੀ ਮੀਤ ਬਰਾੜ ਤੇ ਹਰਮਨਦੀਪ ਨੇ ਆਪਣੇ ਨਵੇਂ-ਪੁਰਾਣੇ ਬਹੁਚਰਚਿਤ ਗੀਤ ਸੁਣਾ ਕੇ ਜੁੜੇ ਸਰੋਤਿਆਂ ਦਾ ਮਨੋਰੰਜਨ ਕੀਤਾ | ਮੇਲਾ ਪ੍ਰਬੰਧਕਾਂ ਵਲੋਂ ਕਲਾਕਾਰ ਤੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਵਿਚ ਸੱਭਿਆਚਾਰਕ ਮੇਲਿਆਂ ਦਾ ਅਹਿਮ ਰੋਲ ਹੈ | ਇਹ ਸਾਨੂੰ ਆਪਸੀ ਭਾਈਚਾਰਕ ਦਾ ਸੁਨੇਹਾ ਦਿੰਦੇ ਹਨ | ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਨਾਮੀ ਟੀਮਾ ਨੇ ਭਾਗ ਲਿਆ | ਸੁਰ ਸਿੰਘ ਤੇ ਫਰੰਦੀਪੁਰ ਟੀਮਾਂ ਪ੍ਰੀਤ ਸੰਧੂ ਅਤੇ ਦੀਪ ਦਬੁਰਜੀ ਵਿਚਕਾਰ ਸਖ਼ਤ ਮੁਕਾਬਲੇ ਹੋਏ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਲੱਖਾਂ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਲਾ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਸਿੱਧੂ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਜੱਸਾ ਸਿੰਘ ਯੂ. ਕੇ., ਡਾ. ਨਿੰਦਰ ਸਿੰਘ, ਜੋਬਨ ਪ੍ਰੀਤ ਕੈਨੇਡਾ, ਮੁਬਾਰਕਜੀਤ ਸਿੰਘ ਆਸਟਰੇਲੀਆ, ਬਾਜ ਸਿੰਘ ਠੱਠੀ ਵਾਲਾ, ਬਾਬਾ ਕਸ਼ਮੀਰਾ ਸਿੰਘ, ਬਾਬਾ ਦਿਆਲ ਸਿੰਘ ਤੇ ਸ਼ੇਰਾ ਸਿੰਘ ਆਦਿ ਹਾਜ਼ਰ ਸਨ |
ਪਿੰਡ ਵਣੀਏਕੇ ਵਿਖੇ ਸਾਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ
ਅਜੀਤ ਡੈਸਕ
05-06-2026