ਅਟਾਰੀ, 4 ਜੂਨ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਡਿਫੈਂਸ ਵਿਚੋਂ ਇਕ ਨਾਮਲੂਮ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ | ਉੱਕਤ ਅਣਪਛਾਤੀ ਗਲੀ-ਸੜੀ ਲਾਸ਼ ਦੂਰ-ਦੁਰਾਡੇ ਇਲਾਕੇ ਵਿਚੋਂ ਪਾਣੀ ਦੇ ਵਹਾਅ ਨਾਲ ਰੁੜ ਕੇ ਆਈ ਲੱਗਦੀ ਹੈ | ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਡਿਫੈਂਸ (ਨਹਿਰ) ਰੋੜਾਂਵਾਲਾ ਗਰਿੱਡ ਵਿਚ ਫਸੇ ਮਿ੍ਤਕ ਸਰੀਰ ਨੂੰ ਜਦੋਂ ਕੁਝ ਲੋਕਾਂ ਵਲੋਂ ਦੇਖਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੀ ਸਰਹੱਦੀ ਪੁਲਿਸ ਚੌਂਕੀ ਕਾਹਨਗੜ੍ਹ ਦੇ ਇੰਚਾਰਜ ਜੋਗਿੰਦਰ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ | ਲਾਸ਼ ਦੀ ਸ਼ਨਾਖਤ ਕਰਨ ਲਈ ਨਜ਼ਦੀਕ ਆਉਂਦੇ ਸਰਹੱਦੀ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਨੂੰ ਬੁਲਾਇਆ ਗਿਆ ਪਰ ਪਹਿਚਾਣ ਨਹੀਂ ਹੋ ਸਕੀ | ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਅਣਪਛਾਤੀ ਲਾਸ਼ ਦੀ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ਵਿਚ ਰੱਖ ਦਿੱਤਾ ਗਿਆ ਹੈ |