ਜੰਡਿਆਲਾ ਗੁਰੂ, 20 ਜੁਲਾਈ (ਅੰਮ੍ਰਿਤਪਾਲ ਸਿੰਘ)- ਸੀ. ਬੀ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਸੱਤ ਰੋਜ਼ਾ ਭਾਰਤੀ ਭਾਸ਼ਾ (ਹਿੰਦੀ) ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿਚ ਭਾਰਤੀ ਭਾਸ਼ਾਵਾਂ ਪ੍ਰਤੀ ਸਤਿਕਾਰ, ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸਮਝ ਅਤੇ ਗਤੀਵਿਧੀ ਆਧਾਰਿਤ ਸਿੱਖਿਆ ਰਾਹੀਂ ਭਾਸ਼ਾਈ ਹੁਨਰਾਂ ਨੂੰ ਨਿਖਾਰਨਾ ਸੀ। ਕੈਂਪ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ਼ੁਭਕਾਮਨਾਵਾਂ ਦੇ ਪ੍ਰਗਟਾਵੇ, ਭੂਮਿਕਾ ਨਿਭਾਉਣਾ, ਕਲਾ ਪ੍ਰਦਰਸ਼ਨ, ਪਕਵਾਨ ਤਿਆਰ ਕਰਨਾ, ਭਾਰਤ ਦੇ ਸੱਭਿਆਚਾਰਕ ਇਤਿਹਾਸ, ਭੂਗੋਲ ਅਤੇ ਰਵਾਇਤੀ ਖੇਡਾਂ ਨਾਲ ਸੰਬੰਧਿਤ ਵੱਖ-ਵੱਖ ਥੀਮ ਆਧਾਰਿਤ ਗਤੀਵਿਧੀਆਂ ਵਿਚ ਭਾਗ ਲਿਆ । ਇਸ ਮੌਕੇ ਸਕੂਲ ਦੇ ਐੱਮ. ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕੈਂਪ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ । ਸਮਾਪਤੀ ਸਮਾਰੋਹ ਵਿਚ ਪ੍ਰਿੰ: ਸੰਦੀਪ ਸ਼ਰਮਾ, ਵਾਈਸ ਪ੍ਰਿੰ: ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ, ਅਧਿਆਪਿਕਾਵਾਂ ਅੰਜਨਾ, ਮੀਨੂ, ਰਿਪਨ ਸੁੰਦਰ, ਸ਼ੈਲਿਜਾ, ਦੀਪਿਕਾ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਚ 7 ਰੋਜ਼ਾ ਹਿੰਦੀ ਭਾਸ਼ਾ ਕੈਂਪ ਸੰਪੰਨ
ਅਜੀਤ ਡੈਸਕ
21-07-2026