29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੁੱਖ ਮੰਤਰੀ ਭਗਵੰਤ ਮਾਨ ਦਾ ਮਾਘੀ ਮੇਲੇ 'ਤੇ ਦਿੱਤਾ ਬਿਆਨ 'ਝੂਠ ਦਾ ਪੁਲੰਦਾ' ਅਤੇ ਮੰਦਭਾਗਾ-ਕਿ੍ਸ਼ਨ ਸਿੰਘ ਸਨੌਰ

ਅਜੀਤ ਡੈਸਕ 25-01-2026
ਸਨੌਰ, 24 ਜਨਵਰੀ (ਮੋਹਣ ਸਿੰਘ ਭੱਟੀ)-ਮਾਘੀ ਦੇ ਪਵਿੱਤਰ ਦਿਹਾੜੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ 169 ਪਾਵਨ ਸਰੂਪਾਂ ਦੀ ਬਰਾਮਦਗੀ ਬਾਰੇ ਦਿੱਤੇ ਬਿਆਨ ਨੇ ਸੂਬੇ ਵਿਚ ਇਕ ਵੱਡਾ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ | ਇਸ ਬਿਆਨ ਦੀ ਤਿੱਖੀ ਆਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ ਮੁੱਖ ਮੰਤਰੀ 'ਤੇ ਸੰਗਤ ਨੂੰ ਗੁੰਮਰਾਹ ਕਰਨ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਸਨੌਰ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਖੜ੍ਹੇ ਹੋ ਕੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਗੁੰਮ ਹੋਏ ਸਰੂਪ ਬਰਾਮਦ ਕੀਤੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਹੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਬੰਗਾ ਦੇ 'ਨਾਭ ਕੰਵਲ ਰਾਜਾ ਸਾਹਿਬ' ਅਸਥਾਨ 'ਤੇ ਜਾ ਕੇ ਇਹ ਮੰਨ ਰਹੇ ਹਨ ਕਿ ਉੱਥੋਂ ਦੇ ਸਾਰੇ 169 ਸਰੂਪਾਂ ਦਾ ਰਿਕਾਰਡ ਬਿਲਕੁਲ ਦਰੁਸਤ ਹੈ | ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਦੇ ਸਪੱਸ਼ਟੀਕਰਨ ਨੇ ਮੁੱਖ ਮੰਤਰੀ ਦੇ ਝੂਠ ਦੀ ਪੋਲ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤੀ ਹੈ | ਕਿ੍ਸ਼ਨ ਸਿੰਘ ਸਨੌਰ ਨੇ ਅੱਗੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਇੰਨੇ ਸੰਵੇਦਨਸ਼ੀਲ ਧਾਰਮਿਕ ਮੁੱਦੇ 'ਤੇ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਗ਼ਲਤ-ਬਿਆਨੀ ਕਰ ਰਿਹਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗੁਰਦੁਆਰਾ ਰਾਜਾ ਸਾਹਿਬ ਵਿਖੇ ਰਿਕਾਰਡ ਪਹਿਲਾਂ ਹੀ ਸਹੀ ਪਾਇਆ ਗਿਆ ਸੀ ਅਤੇ ਪ੍ਰਬੰਧਕ ਕਮੇਟੀ ਵਿਰੁੱਧ ਕੋਈ ਕੇਸ ਦਰਜ ਨਹੀਂ ਸੀ, ਤਾਂ ਮੁੱਖ ਮੰਤਰੀ ਨੇ ਬਰਾਮਦਗੀ ਵਰਗੇ ਸ਼ਬਦ ਵਰਤ ਕੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਸਿਆਸੀ ਲਾਹਾ ਲੈਣ ਲਈ ਪੰਥਕ ਮੁੱਦਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ | ਸਨੌਰ ਅਨੁਸਾਰ, ਜਿਸ ਅਸਥਾਨ ਨੂੰ ਮੁੱਖ ਮੰਤਰੀ ਨੇ ਨਿਸ਼ਾਨਾ ਬਣਾਇਆ, ਉਹ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਕੇਂਦਰ ਹੈ ਅਤੇ ਅਜਿਹੇ ਬਿਆਨਾਂ ਨਾਲ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ | ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਨੂੰ ਆਪਣੀ ਇਸ ਗ਼ਲਤੀ ਲਈ ਪੂਰੇ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਮੰਤਰੀ ਵੱਲੋਂ ਦਿੱਤੀ ਗਈ ਕਲੀਨ ਚਿੱਟ ਇਹ ਸਾਬਤ ਕਰਦੀ ਹੈ ਕਿ ਸਰਕਾਰ ਅੰਦਰ ਕੋਈ ਤਾਲਮੇਲ ਨਹੀਂ ਹੈ ਅਤੇ ਮੁੱਖ ਮੰਤਰੀ ਸਿਰਫ਼ ਮਾਘੀ ਮੇਲੇ ਦੇ ਇਕੱਠ ਵਿਚ ਵਾਹ-ਵਾਹ ਖੱਟਣ ਲਈ ਝੂਠੇ ਅੰਕੜੇ ਪੇਸ਼ ਕਰ ਰਹੇ ਸਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦੇ ਸਰੂਪਾਂ ਦੇ ਨਾਂ 'ਤੇ ਕੀਤੀ ਜਾ ਰਹੀ ਇਸ ਨੀਵੀਂ ਪੱਧਰ ਦੀ ਸਿਆਸਤ ਨੂੰ ਬਰਦਾਸ਼ਤ ਨਹੀਂ ਕਰੇਗਾ | ਜੇਕਰ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਤਿਆਗਿਆ ਅਤੇ ਧਾਰਮਿਕ ਅਸਥਾਨਾਂ ਨੂੰ ਬਦਨਾਮ ਕਰਨਾ ਬੰਦ ਨਾ ਕੀਤਾ, ਤਾਂ ਸ਼ੋ੍ਰਮਣੀ ਅਕਾਲੀ ਦਲ ਸੰਗਤ ਦੇ ਸਹਿਯੋਗ ਨਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿੱਢਣ ਲਈ ਮਜਬੂਰ ਹੋਵੇਗਾ |
ਪਿਛਲੀ ਖ਼ਬਰ ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ - ਡਾ. ਜਗਦੀਪ ਸਿੰਘ ਅਗਲੀ ਖ਼ਬਰ ਪੀ.ਪੀ.ਸੀ.ਬੀ. ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਰੋਕਥਾਮ ਲਈ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।