ਦੇਵੀਗੜ੍ਹ, 12 ਫਰਵਰੀ (ਰਾਜਿੰਦਰ ਸਿੰਘ ਮੌਜੀ)-ਮਾ. ਦਰਸ਼ਨ ਸਿੰਘ ਕੰਗ ਮਗਰ ਸਾਹਿਬ ਦੀ ਰਹਿਨੁਮਾਈ ਹੇਠ, ਪਿੰਡ ਮਗਰ ਸਾਹਿਬ ਸਥਿਤ 'ਜੋਤ ਆਯੁਰਵੈਦਿਕ ਕਲੀਨਿਕ' ਵਿਖੇ ਇਕ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਨਿਰੀਖਣ ਕੈਂਪ ਲਗਾਇਆ ਗਿਆ | ਇਹ ਕੈਂਪ 'ਸ਼ਾਨ ਹੈਲਥ ਕੇਅਰ' ਅਤੇ ਸ਼ਾਨ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ਼, ਸਨੌਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਸੈਂਕੜੇ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ | ਟੀਮ 'ਚ ਡਾ. ਗੁਰਧਿਆਨ ਸਿੰਘ (ਐੱਮ. ਡੀ., ਸ਼ਾਨ ਇੰਸਟੀਚਿਊਟ ਸਨੌਰ), ਡਾ. ਮੀਨਾ ਰਾਣੀ (ਜਨਾਨਾ ਰੋਗਾਂ ਦੇ ਮਾਹਿਰ), ਡਾ. ਪਿੰਕੀ (ਆਯੁਰਵੈਦਿਕ ਮਾਹਿਰ, ਮਗਰ ਸਾਹਿਬ), ਡਾ. ਜਗਦੀਪ ਸਿੰਘ ਤੇ ਡਾ. ਪੂਜਾ ਕਸ਼ਯਪ (ਆਯੁਰਵੈਦਿਕ ਕਾਲਜ, ਪਟਿਆਲਾ) ਸ਼ਾਮਲ ਸਨ | ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਸ਼ਾਨ ਹੈਲਥ ਕੇਅਰ ਵਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਕੈਂਪ 'ਚ ਸ਼ਿਵ ਲੈਬਾਟਰੀ ਵਲੋਂ ਵੀ ਆਪਣੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਗਈਆਂ | ਲੈਬ ਟੈਕਨੀਸ਼ੀਅਨ ਰਵੀ ਕੁਮਾਰ ਅਤੇ ਨੀਤੂ ਰਾਣੀ ਨੇ ਮਰੀਜ਼ਾਂ ਦੇ ਮੁਫ਼ਤ ਬਲੱਡ ਟੈੱਸਟ ਕੀਤੇ | ਇਸ ਮੌਕੇ ਮਾ. ਦਰਸ਼ਨ ਸਿੰਘ ਕੰਗ, ਦਲਜੀਤ ਸਿੰਘ ਕੰਗ, ਹਰਦੀਪ ਸਿੰਘ ਸੇਵਾਮੁਕਤ, ਸੁਖਵਿੰਦਰ ਸਿੰਘ ਸ਼ਾਹੀ, ਸਬ-ਇੰਸਪੈਕਟਰ ਸੰਜੀਵ ਕੁਮਾਰ ਕੈਂਥਲ ਅਤੇ ਪਿੰਡ ਮਗਰ ਸਾਹਿਬ ਦੇ ਪਤਵੰਤੇ ਸੱਜਣਾਂ ਨੇ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ | ਸ਼ਾਨ ਇੰਸਟੀਚਿਊਟ ਦੇ ਚੇਅਰਮੈਨ ਹਰਸ਼ਾਨ ਸਿੰਘ ਨੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਥਾ ਦਾ 361ਵਾਂ ਸਮਾਜ ਸੇਵਾ ਨੂੰ ਸਮਰਪਿਤ ਕੈਂਪ ਹੈ | ਉਨ੍ਹਾਂ ਵਿਸ਼ਵਾਸ ਦੁਆਇਆ ਕਿ ਲੋੜਵੰਦਾਂ ਦੀ ਸੇਵਾ ਲਈ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ |