ਸਮਾਣਾ, 13 ਫਰਵਰੀ (ਹਰਵਿੰਦਰ ਸਿੰਘ ਟੋਨੀ)-ਵਿਸਕੋਨਸਨ (ਯੂ.ਐਸ.ਏ.) ਦੀ ਧਰਤੀ ਤੋਂ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਦਲਜੀਤ ਸਿੰਘ ਪੰਜਰਥ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਿੱਖ ਟੈਂਪਲ ਵਿਸਕੋਨਸਨ (ਅਮਰੀਕਾ) ਵਿਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਅਗਵਾਈ ਜਥੇਦਾਰ ਦਲਜੀਤ ਸਿੰਘ ਪੰਜਰਥ, ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਨੇ ਕੀਤੀ | ਇਸ ਮੌਕੇ 'ਤੇ ਭਾਈ ਗੁਰਮੇਲ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸਿੱਖ ਟੈਂਪਲ ਵਿਸਕੋਨਸਨ, ਭਾਈ ਸੁਰਜੀਤ ਸਿੰਘ ਜੀ ਹਜ਼ੂਰੀ ਰਾਗੀ, ਭਾਈ ਭੁਪਿੰਦਰ ਸਿੰਘ ਰਾਗੀ ਜਥਾ ਅਤੇ ਭਾਈ ਪਰਮਜੀਤ ਸਿੰਘ ਕਥਾਵਾਚਕ ਨੇ ਹਾਜ਼ਰੀ ਭਰਦੇ ਹੋਏ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਟੱਲ ਸ਼ਹਾਦਤ, ਸਿੱਖੀ ਲਈ ਉਨ੍ਹਾਂ ਦੇ ਅਟੁੱਟ ਜਜ਼ਬੇ ਅਤੇ ਬੇਮਿਸਾਲ ਬਲੀਦਾਨ ਬਾਰੇ ਵਿਸਥਾਰ ਨਾਲ ਚਾਨਣ ਪਾਇਆ | ਸੰਗਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸ਼ਰਧਾ ਭਾਵ ਨਾਲ ਸਮਾਗਮ ਵਿਚ ਹਾਜ਼ਰੀ ਭਰੀ | ਵਿਦੇਸ਼ ਦੀ ਧਰਤੀ 'ਤੇ ਇਸ ਪ੍ਰਕਾਰ ਦੇ ਧਾਰਮਿਕ ਸਮਾਗਮ ਨੇ ਸਿੱਖ ਕੌਮ ਦੀ ਏਕਤਾ, ਚੜ੍ਹਦੀਕਲਾ ਅਤੇ ਗੁਰੂ ਘਰ ਨਾਲ ਜੁੜੇ ਪਿਆਰ ਨੂੰ ਇਕ ਵਾਰ ਫਿਰ ਸਾਬਤ ਕੀਤਾ | ਇਹ ਸਮਾਗਮ ਵਿਸਕੋਨਸਨ ਦੀ ਧਰਤੀ 'ਤੇ ਸਿੱਖ ਕੌਮ ਲਈ ਇਕ ਯਾਦਗਾਰ ਪਲ ਸਾਬਤ ਹੋਇਆ | ਜਿਸ ਵਿਚ ਚੇਅਰਮੈਨ ਬਲਿਹਾਰ ਸਿੰਘ ਦਲਾਈ, ਸੁਖਵਿੰਦਰ ਸਿੰਘ ਘੱਗਰ, ਕੁਲਵੰਤ ਸਿੰਘ ਢਿੱਲੋਂ, ਮਨਦੀਪ ਧਵਨ, ਗੁਰਸਹਿਬ ਸਿੰਘ ਤੂਰ, ਗੁਰੂ ਘਰ ਦੇ ਪ੍ਰਧਾਨ ਬਲਵਿੰਦਰ ਸਿੰਘ ਸੈਕਟਰੀ, ਇੰਦਰਜੀਤ ਸਿੰਘ ਢਿੱਲੋਂ, ਪਰਮਿੰਦਰ ਸਿੰਘ ਗੋਲਡੀ, ਮਨਿੰਦਰ ਸਿੰਘ ਮੋਨਟੀ, ਹਰਜਿੰਦਰ ਸਿੰਘ ਜਿੰਦੀ, ਜਰਨੈਲ ਮੈਣੀ, ਮਨਜੀਤ ਸਿੰਘ ਮਿੰਟੂ, ਭੁਪਿੰਦਰ ਸਿੰਘ, ਬਿੰਦ ਸਿੰਘ ਆਦਿ ਦਾ ਪ੍ਰਧਾਨ ਪੰਜਰਥ ਵਲੋਂ ਸਨਮਾਨ ਕੀਤਾ ਗਿਆ ਅਤੇ ਸਾਰੇ ਪ੍ਰਚਾਰਕਾਂ ਦਾ ਵੀ ਸਨਮਾਨ ਕੀਤਾ ਅਤੇ ਜਥੇਦਾਰ ਭਾਈ ਦਲਜੀਤ ਸਿੰਘ ਨੇ ਸਮਾਗਮ ਵਿਚ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ |