ਭਾਦਸੋਂ, 14 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਪਟਿਆਲਾ ਦੀ ਉੱਚ ਪੱਧਰੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ 17 ਫਰਵਰੀ ਨੂੰ ਗੈਰੀ ਫਾਰਮਜ਼ ਨਾਨੋਕੀ ਵਿਖੇ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਜੋਗੀ ਨਾਨੋਕੀ ਨੇ ਦੱਸਿਆ ਕਿ ਇਸ ਮਹਾ ਪੰਚਾਇਤ ਵਿੱਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਆਪਣੀ ਸਮੁੱਚੀ ਟੀਮ ਸਮੇਤ ਸ਼ਾਮਿਲ ਹੋਣਗੇ | ਮੀਟਿੰਗ ਦੌਰਾਨ ਉਗਰਾਹਾਂ ਜਥੇਬੰਦੀ ਤੇ ਸਰਕਾਰ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਗਈ | ਜਾਣਕਾਰੀ ਦਿੰਦਿਆਂ ਪ੍ਰਧਾਨ ਜੋਗੀ ਨਾਨੋਕੀ ਨੇ ਕਿਹਾ ਕਿ ਬਿਜਲੀ ਸੋਧ ਬਿਲ ਲਾਗੂ ਨਾ ਕਰਨ, ਸਮਾਰਟ ਮੀਟਰਾਂ ਦਾ ਵਿਰੋਧ, ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਵਾਉਣ, ਨਕਲੀ ਦੁੱਧ ਦੀ ਵਿਕਰੀ ਬੰਦ ਕਰਨ, ਸੀਡ ਬਿਲ ਦਾ ਵਿਰੋਧ ਅਤੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਇਹ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਮੌਕੇ ਬਿਜਲੀ ਕਾਮਿਆਂ, ਡਾਇਰੀ ਸੰਚਾਲਕਾਂ ਅਤੇ ਮਨਰੇਗਾ ਮਜ਼ਦੂਰਾਂ ਨੂੰ ਭਾਰੀ ਗਿਣਤੀ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨਾ ਮੰਗਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਧਾਰਨੀ, ਬਿੱਲੂ ਭਲਵਾਨ ਚਾਸਵਾਲ, ਹਰਦੀਪ ਸਿੰਘ ਘੁੱਲਾ, ਜੋਗੀ ਅੜਕ ਖਿਜਰਪੁਰ, ਗੁਰਧਿਆਨ ਸਿੰਘ ਸਕਰਾਲੀ, ਅਮਰਜੀਤ ਸਿੰਘ ਲੱਖੀ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |