ਸਮਾਣਾ, 1 ਮਾਰਚ (ਹਰਵਿੰਦਰ ਸਿੰਘ ਟੋਨੀ)-ਟਾਵਰ ਮੋਰਚਾ ਕਮੇਟੀ ਵਲੋਂ ਸਮੂਹ ਧਾਰਮਿਕ, ਸਮਾਜਿਕ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਲ੍ਹ 2 ਮਾਰਚ ਦਿਨ ਸੋਮਵਾਰ ਨੂੰ ਸਮਾਣਾ ਬੰਦ ਰੱਖਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਟਾਵਰ ਮੋਰਚਾ ਕਮੇਟੀ ਵਲੋਂ 'ਧਰਮ ਯੁੱਧ ਮੋਰਚਾ' ਦੇ ਨਾਂਅ 'ਤੇ ਬਣਾਈ 6 ਮੈਂਬਰੀ ਕਮੇਟੀ ਦੇ ਆਗੂਆਂ ਅਮਿਤੋਜ ਸਿੰਘ ਮਾਨ, ਕਾਕਾ ਸਿੰਘ ਕੋਟੜਾ, ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ, ਖੁਸ਼ਿੰਦਰ ਸਿੰਘ ਚਮਕੌਰ ਸਾਹਿਬ ਤੇ ਬਾਬਾ ਅਮਰਜੀਤ ਸਿੰਘ ਮਰਿਆਦਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖ਼ਾਲਸਾ (ਸਾਬਕਾ ਫ਼ੌਜੀ) ਬੀਤੇ 521 ਦਿਨਾਂ ਤੋਂ ਦੂਰ ਸੰਚਾਰ ਵਿਭਾਗ ਦੇ ਚਾਰ ਸੌ ਫੁੱਟ ਉੱਚੇ ਟਾਵਰ 'ਤੇ ਚੜਿ੍ਹਆ ਬੈਠਾ ਹੈ | ਉਸ ਨੇ ਇਸ ਸਮੇਂ ਦੌਰਾਨ ਮੀਂਹ, ਹਨੇਰੀ, ਝੱਖੜ ਆਦਿ ਸਮੇਤ ਸਰੀਰਕ ਬਿਮਾਰੀਆਂ ਨਾਲ ਜੂਝਦਿਆਂ ਲੜਾਈ ਲੜੀ ਹੈ | ਉਨ੍ਹਾਂ ਆਖਿਆ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਬੇਅਦਬੀਆਂ ਰੋਕਣ ਦੇ ਨਾਂਅ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨਾਂ ਤੋਂ ਜੂੰ ਤੱਕ ਨਹੀਂ ਸਰਕੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਖ਼ਤ ਫ਼ੈਸਲੇ ਲੈਣ ਵੱਲ ਕਦਮ ਉਠਾਉਣੇ ਪੈ ਰਹੇ ਹਨ | ਅਮਿਤੋਜ ਸਿੰਘ ਮਾਨ ਤੇ ਹੋਰਨਾਂ ਆਖਿਆ ਕਿ ਜੇਕਰ ਸਰਕਾਰ ਕੱਲ੍ਹ ਦਿਨ ਸੋਮਵਾਰ ਦੇ ਬੰਦ ਉਪਰੰਤ ਵੀ ਕੋਈ ਫ਼ੈਸਲਾ ਨਹੀਂ ਲੈਂਦੀ ਤਾਂ ਮੋਰਚੇ ਵਲੋਂ ਆਉਣ ਵਾਲੇ ਸਮੇਂ 'ਚ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਏਗਾ ਜਿਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਹੋਵੇਗੀ |