ਪਾਤੜਾਂ, 1 ਮਾਰਚ (ਜਗਦੀਸ਼ ਸਿੰਘ ਕੰਬੋਜ)-ਸਵ. ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਬਸਪਾ ਵਲੋਂ 15 ਮਾਰਚ ਨੂੰ ਕੀਤੀ ਜਾ ਰਹੀ ਸੱਤਾ ਪ੍ਰਾਪਤ ਕਰੋ ਰੈਲੀ ਦੀਆਂ ਤਿਆਰੀਆਂ ਲਈ ਹਲਕਾ ਸ਼ੁਤਰਾਣਾ ਦੇ ਵਰਕਰਾਂ ਨਾਲ ਬਸਪਾ ਦੇ ਕੇਂਦਰੀ ਕੁਆਰਡੀਨੇਟਰ ਪ੍ਰਤਾਪ ਸਿੰਘ ਅਤੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਵ. ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਪੰਜਾਬ ਬਸਪਾ ਵਲੋਂ ਬੀਤੇ ਸਾਲ 15 ਮਾਰਚ ਨੂੰ ਪੰਜਾਬ ਸੰਭਾਲੋ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਸੰਬੰਧ ਵਿਚ ਇਸ ਵਾਰ 15 ਮਾਰਚ ਨੂੰ ਬੰਗਾ ਹਲਕੇ ਦੇ ਬਹਿਰਾਮ ਕਸਬੇ ਵਿਚ ਸੱਤਾ ਪ੍ਰਾਪਤ ਕਰੋ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ਲਈ ਵਰਕਰਾਂ ਅਤੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਹਲਕਾ ਸ਼ੁਤਰਾਣਾ ਵਿਚ ਵੀ ਵੀ ਮੀਟਿੰਗ ਕੀਤੀ ਗਈ | ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਇੰਜ ਲੱਗਦਾ ਹੈ ਕਿ ਇਹ ਸੱਤਾ ਸੰਭਾਲੋ ਰੈਲੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਅਤੇ ਲੋਕਾਂ ਦੀ ਭਾਰੀ ਇਕੱਠ ਦੀ ਸ਼ਮੂਲੀਅਤ ਵਾਲੀ ਇਹ ਰੈਲੀ 2027 ਵਿਚ ਬਸਪਾ ਦੀ ਸਰਕਾਰ ਬਣਨ ਦੇ ਸਾਰੇ ਰਾਹ ਪੱਧਰੇ ਕਰ ਦੇਵੇਗੀ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸਭ ਤੋਂ ਕੌੜਾ ਤਜਰਬਾ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਕੇ ਕੀਤਾ ਹੈ, ਜਿਸ ਦੇ ਰਾਜ ਦੌਰਾਨ ਹਰ ਇਕ ਨਾਲ ਧੱਕੇਸ਼ਾਹੀਆਂ ਵੱਧ ਚੁੱਕੀਆਂ ਹਨ ਅਤੇ ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ | ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਸਹਿਯੋਗ ਨਾਲ ਹੀ ਹੁਣ ਤੱਕ ਪੰਜਾਬ ਵਿਚ ਸਰਕਾਰਾਂ ਆਪਣਾ ਕੰਮ ਚਲਾਉਂਦੀਆਂ ਆ ਰਹੀਆਂ ਹਨ ਜਿਸ ਦਾ ਨਤੀਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਇਕ ਵਾਰ ਬਸਪਾ ਨੂੰ ਮੌਕਾ ਦੇਣਾ ਚਾਹੀਦਾ ਹੈ | ਇਸ ਮੌਕੇ ਬਸਪਾ ਵਾਈਸ ਪ੍ਰਧਾਨ ਬਲਦੇਵ ਸਿੰਘ ਮਹਿਰਾ, ਬਸਪਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ, ਜ਼ਿਲ੍ਹਾ ਕੁਆਰਡੀਨੇਟਰ ਸਤਬੀਰ ਸਿੰਘ, ਪਟਿਆਲਾ ਦੇ ਇੰਚਾਰਜ ਅਮਰਜੀਤ ਸਿੰਘ, ਹਲਕਾ ਸ਼ੁਤਰਾਣਾ ਪ੍ਰਧਾਨ ਕਿ੍ਸ਼ਨ ਲਾਲ ਬੁਜ਼ਰਕ, ਹਲਕਾ ਵਾਈਸ ਪ੍ਰਧਾਨ ਕਰਨੈਲ ਸਿੰਘ ਬਾਦਸ਼ਾਹਪੁਰ, ਜਨਰਲ ਸਕੱਤਰ ਸੁਖਵਿੰਦਰ ਸਿੰਘ ਕਕਰਾਲਾ, ਕੈਸ਼ੀਅਰ ਰਾਮ ਭਰਤ ਸਿੰਘ ਸ਼ਾਹਪੁਰ, ਜਸਵੀਰ ਸਿੰਘ ਜੱਗੀ ਪਾਤੜਾਂ, ਗੁਰਦਿਆਲ ਸਿੰਘ ਪਾਤੜਾਂ, ਦੇਸਾ ਸਿੰਘ ਨਿਹਾਲ, ਧਰਮਾਂ ਸਿੰਘ ਮਵੀ, ਲਾਭ ਸਿੰਘ ਬੰਨਵਾਲਾ, ਕਰਨੈਲ ਸਿੰਘ ਹਾਮਝੇੜੀ, ਧਰਮਪਾਲ ਸ਼ੁਤਰਾਣਾ, ਰੌਸ਼ਨ ਸਿੰਘ, ਬਾਬਾ ਕਰਨੈਲ ਸਿੰਘ, ਜੈ ਸਿੰਘ, ਜਗਤਾਰ ਸਿੰਘ ਅਤੇ ਭਜਨ ਸਿੰਘ ਆਦਿ ਮੌਜੂਦ ਸਨ |