ਘਨੌਰ, 30 ਮਾਰਚ (ਸਰਦਾਰਾ ਸਿੰਘ ਲਾਛੜੂ)-ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਸੱਦੇ 'ਤੇ ਅੱਜ ਪੰਜਾਬ ਭਰ 'ਚ ਲੈਂਡ ਮਾਰਗੇਜ ਬੈਂਕਾਂ ਅੱਗੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ | ਇਸੇ ਲੜੀ ਤਹਿਤ ਬਲਾਕ ਘਨੌਰ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਨੇ ਲੈਂਡ ਮਾਰਗੇਜ ਬੈਂਕ ਘਨੌਰ ਦੇ ਸਾਹਮਣੇ ਸਹਿਕਾਰਤਾ ਵਿਭਾਗ ਦੇ ਮੁਖੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਦੀਪ ਸਿੰਘ ਅਲੂਣਾ ਨੇ ਕਿਹਾ ਕਿ ਫ਼ਰੀਦਕੋਟ ਦੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਵਲੋਂ ਬੈਂਕ ਦੇ ਕਰਜ਼ੇ ਅਤੇ ਸਮਾਜਿਕ ਜ਼ਲਾਲਤ ਕਾਰਨ ਕੀਤੀ ਗਈ ਖ਼ੁਦਕੁਸ਼ੀ ਇਕ ਬੇਹੱਦ ਦੁਖਦਾਈ ਘਟਨਾ ਹੈ | ਜਥੇਬੰਦੀ ਨੇ ਮੰਗ ਕੀਤੀ ਕਿ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਬੈਂਕ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ | ਪੀੜਤ ਪਰਿਵਾਰ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਵੇ | ਪੀੜਤ ਪਰਿਵਾਰ ਦੀਆਂ ਮਾਸੂਮ ਧੀਆਂ ਅਤੇ ਬਾਕੀ ਪਰਿਵਾਰ ਦੇ ਗੁਜ਼ਾਰੇ ਲਈ ਸਰਕਾਰ ਠੋਸ ਪ੍ਰਬੰਧ ਕਰੇ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ 20 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਨ ਦੀ ਨੀਤੀ ਦੀ ਸਖ਼ਤ ਨਿਖੇਧੀ ਕੀਤੀ | ਅਲੂਣਾ ਨੇ ਕਿਹਾ ਕਿ ਸਰਕਾਰ ਵਲੋਂ ਵੱਡੇ-ਛੋਟੇ ਕਿਸਾਨਾਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਕੁਦਰਤੀ ਆਫ਼ਤ ਅਤੇ ਘੱਟ ਭਾਅ ਦੀ ਮਾਰ ਹਰ ਕਿਸਾਨ 'ਤੇ ਬਰਾਬਰ ਪੈਂਦੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਬੀ.ਕੇ.ਯੂ. ਸਿੱਧੂਪੁਰ ਪੰਜਾਬ ਦੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨਹੀਂ ਹੋਣ ਦੇਵੇਗੀ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਹੀ ਅੱਜ ਅੰਨਦਾਤਾ ਕਰਜਾਈ ਹੋ ਰਿਹਾ ਹੈ | ਜੇਕਰ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ 2+50 ਫ਼ੀਸਦੀ ਫ਼ਾਰਮੂਲੇ ਤਹਿਤ ਫ਼ਸਲਾਂ ਦੇ ਭਾਅ ਮਿਲਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣੇ, ਤਾਂ ਕਿਸੇ ਕਿਸਾਨ ਨੂੰ ਬੈਂਕ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਉਨ੍ਹਾਂ ਜਥੇਬੰਦੀਆਂ ਨੂੰ ਵੀ ਆੜੇ ਹੱਥੀਂ ਲਿਆ ਜੋ ਸਰਕਾਰ ਦੀ ਕੁਰਕੀ ਨੀਤੀ ਦੀ ਅਸਿੱਧੇ ਤੌਰ 'ਤੇ ਹਮਾਇਤ ਕਰ ਰਹੀਆਂ ਹਨ | ਲੈਂਡ ਮਾਰਗੇਜ ਬੈਂਕਾਂ ਰਾਹੀਂ ਜ਼ਮੀਨਾਂ ਦੀ ਨਿਲਾਮੀ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ | ਕਾਰਪੋਰੇਟ ਘਰਾਣਿਆਂ ਦੀ ਤਰਜ਼ 'ਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਕੁਰਕੀ ਦੇ ਹੁਕਮ ਵਾਪਸ ਨਾ ਲਏ ਗਏ ਅਤੇ ਹਰੀ ਨੌਂ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਸਤਪਾਲ ਸਿੰਘ ਮਹਿਮਦਪੁਰ, ਦਲਜੀਤ ਸਿੰਘ ਕਾਲਾ, ਬੇਅੰਤ ਸਿੰਘ ਝੁੰਗੀਆਂ, ਗੁਰਪ੍ਰੀਤ ਸਿੰਘ ਸੀਲ ਯੂਥ ਪ੍ਰਧਾਨ, ਜਗਦੀਪ ਸਿੰਘ ਕਰਨਪੁਰ ਯੂਥ ਪ੍ਰਧਾਨ, ਪਵਿੱਤਰ ਸਿੰਘ ਸੀਲ, ਲਖਵੀਰ ਸਿੰਘ ਸੀਲ, ਮਨਜੀਤ ਸਿੰਘ ਕਾਮੀ ਛਿੰਦਾ ਮਗਰ, ਸੋਨੀ ਸ਼ਾਹਪੁਰ, ਜਸਵੀਰ ਪੰਡਤਾਂ, ਗੁਰਜੰਟ ਸਿੰਘ ਖੇੜੀ, ਜੰਗ ਵਿਰਕ, ਗੁਰਸੱਜਣ ਘੁਮਾਣ, ਦਰਸ਼ਨ ਸਿੰਘ ਨਰੜੂ, ਅਵਤਾਰ ਸਿੰਘ ਰਾਉਮਾਜਰਾ, ਬਲਜੀਤ ਸਿੰਘ ਹਰਪਾਲਪੁਰ, ਗਮਦੂਰ ਸਿੰਘ ਰਾਏਪੁਰ, ਜਰਨੈਲ ਸਿੰਘ ਰਾਏਪੁਰ, ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਡੋਲੀ, ਦਰਸ਼ਨ ਸਿੰਘ ਫਰੀਦਪੁਰ, ਮਾਨ ਸਿੰਘ ਲੱਖੋਮਾਜਰਾ, ਚੂਹੜ ਸਿੰਘ ਨੌਗਾਵਾਂ ਅਤੇ ਹੋਰ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਰਹੇ |