ਪਟਿਆਲਾ, 29 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਗੈਰ ਅਧਿਆਪਨ ਕਰਮਚਾਰੀ ਸੰਘ ਵਲੋਂ ਮੁਲਾਜਮਾਂ ਦੇ ਸਹਿਯੋਗ ਨਾਲ ਸ਼ਾਂਤਮਈ ਧਰਨਾ ਲਗਾਇਆ ਗਿਆ | ਧਰਨੇ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਰਮਚਾਰੀ ਸੰਘ ਵਲੋਂ ਸਹੁੰ ਚੁੱਕਦੇ ਸਾਰ ਹੀ ਮੁਲਾਜਮਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਮੰਗ ਪੱਤਰ ਦਿੱਤਾ, ਜਿਹੜੀਆਂ ਕਿ ਵਾਰ-ਵਾਰ ਵਾਅਦਾ ਕਰਨ ਦੇ ਬਾਵਜੂਦ ਵੀ ਅੱਜ ਤੱਕ ਪ੍ਰਸ਼ਾਸਨ ਵਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ | ਗੋਪਾਲਪੁਰੀ ਨੇ ਦੱਸਿਆ ਕਿ ਮੰਗ ਪੱਤਰ ਵਿਚ ਮੁਲਾਜਮਾਂ ਦੀ ਤਨਖ਼ਾਹ ਦੀ ਤਾਰੀਖ਼ ਫਿਕਸ ਕਰਨ, 10 ਸਾਲ ਤੋਂ ਵੱਧ ਦੀ ਸੇਵਾ ਨਿਭਾ ਚੁੱਕੇ ਮੁਲਾਜਮਾਂ ਨੂੰ ਪੱਕਾ ਕਰਨਾ, ਡੇਲੀਵੇਜਿਸ/ਫਿਕਸ ਆਧਾਰ 'ਤੇ ਸੇਵਾ ਨਿਭਾ ਰਹੇ ਮੁਲਾਜਮਾਂ ਨੂੰ ਅਗਲੇ ਚੈਨਲ ਵਿਚ ਵਰਕਚਾਰਜ/ਐਡਹਾਕ ਵਜੋਂ ਪ੍ਰਮੋਟ ਕਰਨਾ ਜਾਂ ਰੈਗੂਲਰ ਕਰਨਾ, ਡੀ.ਸੀ.ਐਲ.ਏ. ਤੋਂ ਮਿਸਲਾਂ ਟਰੇਸ ਕਰਨਾ, ਸੀ ਕਲਾਸ ਤੋਂ ਬੀ ਕਲਾਸ ਦਾ ਟਾਈਪ ਟੈੱਸਟ ਕਰਵਾਉਣਾ, ਟੈਕਨੀਕਲ ਕਰਮਚਾਰੀਆਂ ਦੀਆਂ ਤਰੱਕੀਆਂ ਕਰਵਾਉਣੀਆਂ, ਉਸਾਰੀ ਵਿਭਾਗ ਅਤੇ ਹਾਰਟੀਕਲਚਰ ਵਿਭਾਗ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਟੈਕਨੀਕਲ ਗ੍ਰੇਡ ਲਗਵਾਉਣਾ ਆਦਿ ਹੋਰ ਮੰਗਾਂ ਸ਼ਾਮਿਲ ਹਨ | ਗੋਪਾਲਪੁਰੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਆਉਂਦੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਕਾਰਜਕਾਰਨੀ ਤੋਂ ਇਲਾਵਾ ਪਰਦੀਪ ਮਹਿਤਾ, ਕਿ੍ਸ਼ਨ ਕੁਮਾਰ, ਮਨਦੀਪ ਚਹਿਲ, ਧਰਮਿੰਦਰ ਸਿੰਘ ਪੰਨੂ, ਮਾਘੀ ਸਿੰਘ, ਗਗਨਦੀਪ ਸ਼ਰਮਾ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਅਜੇ ਅਰੋੜਾ, ਰਾਜੇਸ਼ ਗੱਗੂ, ਪਰਮਜੀਤ ਸਿੰਘ ਆਦਿ ਮੌਜੂਦ ਸਨ |