ਦੇਵੀਗੜ੍ਹ, 29 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸੀ | ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ 500/500 ਨੰਬਰ ਲੈ ਕੇ ਪੰਜਾਬ ਭਰ ਵਿਚ ਆਪਣੇ ਸਕੂਲ ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸੀ | ਉਸੇ ਕੜੀ ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਵਿੰਦਰ ਕੌਰ ਭੁੱਲਰ ਵਲੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ 'ਚ ਸਕੂਲ ਦੀ ਵਿਦਿਆਰਥਣ ਪਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਲਗਾਤਾਰ ਤੀਸਰੇ ਸਾਲ ਵੀ ਕਪੂਰੀ ਸਕੂਲ ਦੀ ਵਿਦਿਆਰਥਣ ਵਲੋਂ ਪੰਜਵੀਂ ਦੀ ਪ੍ਰੀਖਿਆ ਵਿਚੋਂ 500/500 ਨੰਬਰ ਲੈਣ ਤੇ ਸਕੂਲ ਦਾ ਨਾਮ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ | ਸਕੂਲ ਮੁਖੀ ਜਗਜੀਤ ਸਿੰਘ ਵਾਲੀਆ ਵਲੋਂ ਵੀ ਬੱਚੇ ਦੀ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੇ ਆਪਣੇ ਸਾਥੀ ਅਧਿਆਪਕਾਂ ਜਿਸ ਵਿਚ ਹਰਪ੍ਰੀਤ ਸਿੰਘ ਉੱਪਲ ਅਤੇ ਮੈਡਮ ਸਤਵਿੰਦਰ ਕੌਰ ਵਲੋਂ ਲਗਾਤਾਰ ਕਰਵਾਈ ਅਣਥੱਕ ਮਿਹਨਤ ਨੂੰ ਦੱਸਿਆ | ਇਸ ਸਮੇਂ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ ਵੀ ਕਪੂਰੀ ਸਕੂਲ ਦੀ ਬੱਚੀ ਦੇ ਇਸ ਜ਼ਿਲ੍ਹਾ ਪੱਧਰੀ ਸਨਮਾਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਇਹ ਸਾਰਾ ਸਿਹਰਾ ਸਕੂਲ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਦਾ ਸਿੱਟਾ ਹੈ | ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ ਤੇ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਲਗਾਤਾਰ ਤੀਸਰੇ ਸਾਲ ਵੀ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਕਪੂਰੀ ਸਕੂਲ ਦੇ ਵਿਦਿਆਰਥੀਆਂ ਦੀ ਚਮਕ ਬਰਕਰਾਰ ਰਹੀ | ਉਨ੍ਹਾਂ ਕਿਹਾ ਨਵੋਦਿਆ ਪ੍ਰੀਖਿਆ ਵਿਚੋਂ ਲਗਾਤਾਰ ਤੀਸਰੇ ਸਾਲ ਵੀ ਬੱਚਿਆਂ ਨੇ ਨਵੋਦਿਆ ਦਾਖਲਾ ਪ੍ਰੀਖਿਆ ਵਿਚੋਂ ਚੰਗੇ ਨੰਬਰ ਲੈ ਕੇ ਆਪਣਾ ਨਾਮ ਦਰਜ ਕਰਵਾਇਆ | ਆਉਣ ਵਾਲੇ ਸਮੇਂ ਵਿਚ ਵੀ ਇਨ੍ਹਾਂ ਪ੍ਰਾਪਤੀਆਂ ਨੂੰ ਜਾਰੀ ਰੱਖਣ ਲਈ ਸਕੂਲ ਸਟਾਫ਼ ਨੇ ਦਿ੍ੜ੍ਹਤਾ ਪ੍ਰਗਟਾਈ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਅਕਾਦਮਿਕ ਸਪੋਰਟ ਰਾਜਵੰਤ ਸਿੰਘ ਤੇ ਸਮਾਰਟ ਸਕੂਲ ਕੁਆਰਡੀਨੇਟਰ ਲਖਵਿੰਦਰ ਸਿੰਘ ਕੌਲੀ ਵੀ ਮੌਜੂਦ ਰਹੇ |