ਪਾਤੜਾਂ, 30 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜਿਲ੍ਹੇ ਦੀ ਸਬ ਡਵੀਜਨ ਪਾਤੜਾਂ ਦੇ ਪਿੰਡ ਕਲਵਾਣੂੰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਨਹਿਰ ਕੰਡੇ ਇੱਕ ਰੁੱਖ ਨਾਲ ਰੱਸਾ ਬੰਨ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ | ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਮਿ੍ਤਕ ਦੀ ਗਵਾਂਢ ਵਿਚ ਰਹਿੰਦੀ ਇਕ ਔਰਤ 'ਤੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ ਅਤੇ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਉਕਤ ਔਰਤ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਘੱਗਾ ਵਿਚ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਕਲਵਾਣੂੰ ਦੇ ਰਹਿਣ ਵਾਲੇ ਕਾਕਾ ਰਾਮ ਪੁੱਤਰ ਮਹਿੰਦਰ ਰਾਮ ਨੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਭਰਾ ਵਲੈਤੀ ਰਾਮ 36 ਨੇ ਦਿਨ ਵਿਚ ਭਾਖੜਾ ਨਹਿਰ ਕੰਢੇ ਜਾ ਕੇ ਇੱਕ ਰੁੱਖ ਨਾਲ ਰੱਸਾ ਬੰਨ ਕੇ ਫਾਹਾ ਲੈ ਲਿਆ ਹੈ | ਇਸ ਬਾਰੇ ਪਤਾ ਲੱਗਣ 'ਤੇ ਜਦੋਂ ਤੱਕ ਅਸੀਂ ਇਸ ਥਾਂ 'ਤੇ ਪੁੱਜੇ ਤਾਂ ਵਲੈਤੀ ਰਾਮ ਦੀ ਮੌਤ ਹੋ ਚੁੱਕੀ ਸੀ | ਕਾਕਾ ਰਾਮ ਨੇ ਦੱਸਿਆ ਕਿ ਘੱਗਾ ਦੀ ਇਕ ਬਸਤੀ ਵਿਚ ਮੇਰੇ ਭਰਾ ਦੇ ਗਵਾਂਢ ਵਿਚ ਰਹਿੰਦੀ ਇਕ ਔਰਤ ਮੇਰੇ ਭਰਾ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ ਜਿਸ ਨੂੰ ਲੇ ਕੇ ਉਹ ਕਈ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਘਰੋਂ ਨਾਲ ਭੱਜਣ ਲਈ ਮਜਬੂਰ ਕਰ ਰਹੀ ਸੀ, ਇਸ ਔਰਤ ਤੋਂ ਦੁਖੀ ਮੇਰੇ ਭਰਾ ਨੇ ਦੁਖੀ ਹੋ ਕੇ ਫਾਹਾ ਲੈ ਲਿਆ | ਥਾਣਾ ਘੱਗਾ ਦੇ ਮੁਖੀ ਜੈਦੀਪ ਸ਼ਰਮਾਂ ਨੇ ਦੱਸਿਆ ਕਿ ਕਾਕਾ ਰਾਮ ਦੇ ਬਿਆਨਾਂ 'ਤੇ ਘੱਗਾ ਦੀ ਇਕ ਕਾਲੋਨੀ ਵਿਚ ਰਹਿਣ ਵਾਲੀ ਔਰਤ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਇਸ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ |