ਭੁੱਨਰਹੇੜੀ, 10 ਮਈ (ਧਨਵੰਤ ਸਿੰਘ)-ਹਾੜ੍ਹੀ ਦਾ ਸੀਜ਼ਨ ਖ਼ਤਮ ਹੋ ਚੁੱਕਿਆਂ ਹੈ, ਹੁਣ ਇਲਾਕੇ ਅੰਦਰ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਖ਼ਾਸ ਤੌਰ 'ਤੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਾਸ਼ਤਕਾਰ ਇਸ ਰੁਝਾਨ ਵਿਚ ਮੋਹਰੀ ਹਨ | ਘੱਟ ਸਮੇਂ ਵਿਚ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨ ਅਤੇ ਖਰਚੇ ਨੂੰ ਘਟਾਉਣ ਦੀ ਹੋੜ ਕਾਰਨ ਕਿਸਾਨ ਰਹਿੰਦ-ਖੂੰਹਦ ਨੂੰ ਸਾੜਨ ਲਈ ਸੌਖਾ ਤਰੀਕਾ ਅਪਣਾਇਆ ਰਹੇ ਹਨ ਪਰ ਦੂਜੇ ਪਾਸੇ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਸਰਕਾਰ ਦੀ ਬਾਜ਼ ਅੱਖ ਵਾਂਗ ਕੰਮ ਕਰ ਰਹੀ ਸੈਟੇਲਾਈਟ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਦੇ ਡਰ ਕਰਕੇ ਅੱਗ ਲਗਾਉਣ ਤੋਂ ਕਾਫੀ ਹੱਦ ਤੱਕ ਬਚ ਰਹੇ ਹਨ | ਵੱਧ ਰਹੀ ਜਾਗਰੂਕਤਾ ਦੇ ਕਾਰਨ ਬਹੁਤ ਸਾਰੇ ਕਿਸਾਨ ਹੁਣ ਕਣਕ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾ ਰਹੇ ਹਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਰਸਾਇਣਿਕ ਖਾਦਾਂ 'ਤੇ ਖ਼ਰਚ ਵੀ ਘਟਦਾ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਗੁਣਵੱਤਾ 'ਤੇ ਨੁਕਸਾਨਦਾਇਕ ਪ੍ਰਭਾਵ ਪੈਂਦਾ ਹੈ | ਇਸ ਨਾਲ ਮਿੱਟੀ 'ਚ ਮੌਜੂਦ ਲਾਭਦਾਇਕ ਜੀਵਾਣੂ ਅਤੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ, ਜਿਸ ਕਾਰਨ ਫ਼ਸਲ ਦੀ ਪੈਦਾਵਾਰ ਵੀ ਪ੍ਰਭਾਵਿਤ ਹੋ ਰਹੀ ਹੈ | ਇਸ ਤੋਂ ਇਲਾਵਾ, ਅੱਗ ਲਗਾਉਣ ਨਾਲ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਗੰਧਲਾ ਕਰਦਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਖ਼ਾਸ ਤੌਰ 'ਤੇ ਪੇਂਡੂ ਖੇਤਰਾਂ ਵਿਚ ਅੱਖਾਂ 'ਚ ਜਲਣ, ਖੰਘ, ਜ਼ੁਕਾਮ ਅਤੇ ਸਾਹ ਸੰਬੰਧੀ ਬਿਮਾਰੀਆਂ ਦੇ ਮਾਮਲੇ ਵਧ ਰਹੇ ਹਨ | ਬੱਚੇ, ਬਜ਼ੁਰਗ ਅਤੇ ਦਮਾ ਦੇ ਮਰੀਜ਼ ਇਸ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਅੱਗ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸੈਟੇਲਾਈਟ ਤਕਨੀਕ ਰਾਹੀਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ | ਇਸ ਦੇ ਬਾਵਜੂਦ ਕੁਝ ਠੇਕੇਦਾਰ ਕਾਸ਼ਤਕਾਰ ਬੇਖ਼ੌਫ ਹੋ ਕੇ ਸਮੇਂ ਅਤੇ ਖ਼ਰਚ ਦੀ ਬੱਚਤ ਲਈ ਇਸ ਤਰੀਕੇ ਦੀ ਵਰਤੋਂ ਕਰ ਰਹੇ ਹਨ | ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਝੋਨੇ ਦੀ ਪਰਾਲੀ ਸਾੜਨ ਨੂੰ ਕਈ ਵਾਰ ਮਜਬੂਰੀ ਵਜੋਂ ਵੇਖਿਆ ਜਾਂਦਾ ਹੈ, ਉੱਥੇ ਕਣਕ ਦੀ ਰਹਿੰਦ-ਖੂੰਹਦ ਜ਼ਰੂਰੀ ਨਹੀਂ | ਉਨ੍ਹਾਂ ਦੇ ਅਨੁਸਾਰ ਇਸ ਨੂੰ ਆਸਾਨੀ ਨਾਲ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸਕਤੀ ਵਿਚ ਵਾਧਾ ਵੀ ਹੁੰਦਾ ਹੈ | ਖੇਤ ਦੀ ਉਪਜਾਉ ਸ਼ਕਤੀ ਨੂੰ ਤਾਕਤ ਮਿਲਦੀ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਠੋਸ ਅਤੇ ਲੰਬੇ ਸਮੇਂ ਵਾਲੇ ਹੱਲ ਲਾਗੂ ਕੀਤੇ ਜਾਣ, ਤਾਂ ਜੋ ਕਿਸਾਨਾਂ ਨੂੰ ਆਰਥਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਅੱਗ ਲਗਾਉਣ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਹੋਵੇ |