ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਗੁਰਮੀਤ ਚੌਹਾਨ ਸਾਬਕਾ ਚੇਅਰਮੈਨ ਓਬੀਸੀ ਵਿਭਾਗ ਪਟਿਆਲਾ ਕਾਂਗਰਸ ਨੇ ਹਲਕਾ ਪਟਿਆਲਾ ਦਿਹਾਤੀ ਵਿਚ ਮੰਡਲ ਪ੍ਰਧਾਨਾਂ ਦੀਆਂ ਹੋਈਆਂ ਨਿਯੁਕਤੀਆਂ 'ਤੇ ਗੰਭੀਰ ਨਾਰਾਜ਼ਗੀ ਜਤਾਈ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਵਲੋਂ ਕੀਤੀਆਂ 35 ਮੰਡਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਿਚ ਓਬੀਸੀ ਅਤੇ ਦਲਿਤ ਸਮਾਜ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਨਿਰਾਸ਼ਾਜਨਕ ਗੱਲ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਰਾਹੁਲ ਗਾਂਧੀ ਵਲੋਂ ਦੇਸ਼ ਭਰ ਵਿਚ ਓਬੀਸੀ ਅਤੇ ਦਲਿਤ ਸਮਾਜ ਨੂੰ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਸਥਾਨਕ ਪੱਧਰ 'ਤੇ ਇਨ੍ਹਾਂ ਵਰਗਾਂ ਨੂੰ ਨਿਯੁਕਤੀਆਂ ਵਿਚ ਕੋਈ ਯੋਗ ਪ੍ਰਤੀਨਿਧਤਾ ਨਾ ਮਿਲਣਾ ਦੁਖਦਾਈ ਹੈ | ਗੁਰਮੀਤ ਚੌਹਾਨ ਨੇ ਕਿਹਾ ਕਿ ਦਲਿਤ ਅਤੇ ਓਬੀਸੀ ਸਮਾਜ ਕਾਂਗਰਸ ਪਾਰਟੀ ਦਾ ਮਜ਼ਬੂਤ ਆਧਾਰ ਰਹੇ ਹਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ | ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਤੁਰੰਤ ਇਸ ਮਾਮਲੇ 'ਤੇ ਧਿਆਨ ਦਿੱਤਾ ਜਾਵੇ ਅਤੇ ਇਹ ਨਿਯੁਕਤੀਆਂ ਰੱਦ ਕੀਤੀਆਂ ਜਾਣ | ਨਵੀਆਂ ਨਿਯੁਕਤੀਆਂ ਵਿਚ ਦਲਿਤ ਅਤੇ ਓਬੀਸੀ ਸਮਾਜ ਨੂੰ ਬਣਦਾ ਮਾਣ-ਸਨਮਾਨ ਅਤੇ ਯੋਗ ਹਿੱਸੇਦਾਰੀ ਦਿੱਤੀ ਜਾਵੇ |