ਪਟਿਆਲਾ, 17 ਮਈ (ਮਨਦੀਪ ਸਿੰਘ ਖਰੌੜ)-ਫ਼ੌਜੀ ਭਰਤੀ ਦਫ਼ਤਰ ਦੇ ਭਰਤੀ ਨਿਰਦੇਸ਼ਕ ਨੇ ਦੱਸਿਆ ਹੈ ਕਿ ਭਾਰਤੀ ਫ਼ੌਜ ਵਿਚ ਭਰਤੀ ਲਈ ਅਗਨੀਪਥ ਯੋਜਨਾ ਅਧੀਨ 1 ਜੂਨ ਤੋਂ 12 ਜੂਨ 2026 ਤੱਕ ਆਨਲਾਈਨ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀਈਈ) 2026 ਦੇਸ਼ ਭਰ ਵਿਚ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ 13 ਫਰਵਰੀ 2026 ਤੋਂ 10 ਅਪ੍ਰੈਲ 2026 ਵਿਚਕਾਰ ਭਾਰਤੀ ਫ਼ੌਜ ਵਿਚ ਭਰਤੀ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ, ਉਹ ਪ੍ਰੀਖਿਆ ਵਿਚ ਸ਼ਾਮਲ ਹੋਣਗੇ | ਇਹ ਪ੍ਰੀਖਿਆ 206 ਸ਼ਹਿਰਾਂ ਵਿਚ ਕਰਵਾਈ ਜਾਵੇਗੀ ਜਿਸ ਵਿਚ 403 ਪ੍ਰੀਖਿਆ ਕੇਂਦਰ ਅਤੇ ਦੇਸ਼ ਭਰ ਵਿਚ 22 ਸ਼ੇ੍ਰਣੀਆਂ ਸ਼ਾਮਲ ਹਨ | ਡਾਇਰੈਕਟਰ ਨੇ ਅੱਗੇ ਦੱਸਿਆ ਕਿ ਪ੍ਰੀਖਿਆ ਲਈ ਐਡਮਿਟ ਕਾਰਡ 15 ਮਈ ਤੋਂ ਭਾਰਤੀ ਫ਼ੌਜ ਵਿਚ ਸ਼ਾਮਲ ਹੋਣ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਵਾਏ ਜਾਣਗੇ | ਉਮੀਦਵਾਰਾਂ ਨੂੰ ਨਵੀਆਂ ਅੱਪਡੇਟ ਅਤੇ ਪ੍ਰੀਖਿਆ ਨਾਲ ਸਬੰਧਿਤ ਹਦਾਇਤਾਂ ਲਈ ਨਿਯਮਿਤ ਤੌਰ 'ਤੇ ਪੋਰਟਲ ਦੇਖਣਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਨਮੂਨਾ ਪ੍ਰਸ਼ਨ ਪੱਤਰ ਅਤੇ ਮਹੱਤਵਪੂਰਨ ਪ੍ਰੀਖਿਆ ਨਿਰਦੇਸ਼ ਪਹਿਲਾਂ ਹੀ ਪੋਰਟਲ 'ਤੇ ਉਪਲਬਧ ਹਨ ਤਾਂ ਜੋ ਉਮੀਦਵਾਰਾਂ ਨੂੰ ਪ੍ਰੀਖਿਆ ਲਈ ਪ੍ਰਭਾਵਸ਼ਾਲੀ ਢੰਗ ਨਾਲ ਤਿਆਰੀ ਕਰਨ ਵਿਚ ਮਦਦ ਕੀਤੀ ਜਾ ਸਕੇ |