ਪਟਿਆਲਾ, 17 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੈਡਮ ਸਇਅਦ ਸਹਿਰਿਸ਼ ਅਸਗਰ ਨਾਲ ਉਨਾਂ ਦੇ ਸੱਦੇ 'ਤੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਹੋਈ | ਮੈਡਮ ਸਇਅਦ ਨਾਲ ਮੀਟਿੰਗ ਵਿਚ ਮੁੱਖ ਇੰਜ. ਰਾਜੇਸ਼ ਖੋਸਲਾ, ਡਿਪਟੀ ਡਾਇਰੈਕਟਰ ਪੁਨੀਤ ਗਰਗ, ਵਿੱਤ ਕੰਟਰੋਲਰ, ਵਿਕਾਸ ਵਰਮਾ, ਸੁਪਰਡੈਂਟ ਜਸਵਿੰਦਰ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਹੋਰ ਅਮਲਾ ਸ਼ਾਮਿਲ ਹੋਇਆ | ਜਥੇਬੰਦੀ ਵਲੋਂ ਹਰੀ ਸਿੰਘ ਟੌਹੜਾ, ਗਿਆਨ ਸਿੰਘ ਘਨੌਲੀ, ਰਾਕੇਸ਼ ਬਾਤਿਸ਼, ਜਸਵਿੰਦਰ ਸਿੰਘ ਮੋਹਾਲੀ, ਬਲਦੇਵ ਸਿੰਘ ਮਾਣੇਵਾਲ ਆਦਿ ਆਗੂ ਸ਼ਾਮਿਲ ਹੋਏ | ਇਸ ਮੀਟਿੰਗ 'ਚ ਵਿਭਾਗ ਦੇ ਮੁਖੀ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਨਾਂ ਦਰਜਾ 3 ਕਰਮਚਾਰੀਆਂ ਨੇ ਜੇ.ਈ. ਲਈ ਵਿਭਾਗੀ ਟੈੱਸਟ ਦੇਣਾ ਹੈ, ਉਨਾਂ ਲਈ ਸਿਲੇਬਸ ਬਣਾ ਕੇ ਜਾਰੀ ਕੀਤਾ ਜਾਵੇਗਾ | ਇਕ ਮਹੀਨੇ ਦੇ ਅੰਦਰ-ਅੰਦਰ ਇਨਾਂ ਕਰਮਚਾਰੀਆਂ ਦਾ ਟੈੱਸਟ ਲਿਆ ਜਾਵੇਗਾ | ਜਿਹੜੇ ਦਰਜਾ 4 ਕਰਮਚਾਰੀਆਂ ਨੇ ਦਰਜਾ 3 ਵਿਚ ਤਰੱਕੀਆਂ ਲੈਣੀਆਂ ਹਨ, ਉਨਾਂ ਵਿਚ 322 ਕਰਮਚਾਰੀਆਂ ਨੇ ਟੈੱਸਟ ਪਾਸ ਕਰ ਲਿਆ ਹੈ | ਉਨਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਬਣਦੀਆਂ ਤਰੱਕੀਆਂ ਦੇ ਦਿੱਤੀਆਂ ਜਾਣਗੀਆਂ | ਫ਼ੀਲਡ ਵਿਚ ਜਿਹੜੇ ਕਲਰਕ ਕੰਮ ਕਰਦੇ ਹਨ ਉਨਾਂ ਨੂੰ ਸੀਨੀਅਰਤਾ ਦੇ ਆਧਾਰ 'ਤੇ ਬਣਦੀਆਂ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ | ਜਿਹੜੇ ਕਰਮਚਾਰੀ ਵਿਭਾਗ ਵਿਚ ਪਰਵੇਸ਼ਨ ਪੀਰੀਅਡ 'ਤੇ ਕੰਮ ਕਰਦੇ ਸਨ, ਉਨਾਂ ਵਿਚੋਂ ਜਿਹੜੇ ਕਰਮਚਾਰੀਆਂ ਦਾ ਪਰਵੇਸ਼ਨ ਪੀਰੀਅਡ ਪੂਰਾ ਹੋ ਗਿਆ ਹੈ, ਉਨਾਂ ਨੂੰ ਬਣਦਾ ਅਗਲਾ ਸਕੇਲ ਦਿੱਤਾ ਜਾਵੇਗਾ ਅਤੇ ਜਿਨਾਂ ਕਰਮਚਾਰੀਆਂ ਦਾ ਜੋ ਏਰੀਅਰ ਬਣਦਾ ਉਹ ਦਿੱਤਾ ਜਾਵੇਗਾ | ਟੈਕਨੀਕਲ ਕਰਮਚਾਰੀਆਂ ਦੇ ਗਰੇਡਾਂ ਸੰਬੰਧੀ ਜੋ ਫ਼ੈਸਲਾ ਸਾਲ 2010 ਵਿਚ ਹੋਇਆ ਸੀ ਉਹ ਫ਼ੈਸਲਾ 2006 ਵਿਚ ਲਾਗੂ ਕਰਨਾ ਬਣਦਾ ਸੀ | ਉਸ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਡਿਪਟੀ ਡਾਇਰੈਕਟਰ ਨੂੰ ਦੁਬਾਰਾ ਮੀਟਿੰਗ ਕਰਵਾਉਣ ਲਈ ਕਿਹਾ ਗਿਆ ਹੈ |