ਪਟਿਆਲਾ, 17 ਮਈ (ਕੁਲਵੀਰ ਸਿੰਘ ਧਾਲੀਵਾਲ)-ਮਿਸਲ ਸਤਲੁਜ ਜਥੇਬੰਦੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਇੰਚਾਰਜ ਸਿਮਰਨਜੀਤ ਸਿੰਘ ਦੀ ਅਗਵਾਈ ਵਿਚ ਆਗੂਆਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਿਆ ਗਿਆ | ਜਿਸ ਰਾਹੀਂ ਭਾਈ ਕਨ੍ਹੱਈਆ ਸਿਹਤ ਕੇਂਦਰ ਦੇ ਜਾਂਚ-ਕਾਰਡ ਅਤੇ ਹੋਰ ਦਫ਼ਤਰੀ ਦਸਤਾਵੇਜ਼ ਪੰਜਾਬੀ ਭਾਸ਼ਾ ਵਿਚ ਜਾਰੀ ਕਰਨ ਦੀ ਮੰਗ ਕੀਤੀ ਗਈ | ਜਸਕਰਨ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਪਸਾਰ ਅਤੇ ਪ੍ਰਚਾਰ ਲਈ ਸਥਾਪਿਤ ਕੀਤੀ ਗਈ ਸੀ ਪਰ ਯੂਨੀਵਰਸਿਟੀ ਦੇ ਕਈ ਕੰਮਾਂ ਵਿਚ ਪੰਜਾਬੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਸਿਹਤ ਕੇਂਦਰ ਦੇ ਕਾਰਡ ਸਿਰਫ ਅੰਗਰੇਜ਼ੀ ਵਿਚ ਬਣਾਉਣਾ ਯੂਨੀਵਰਸਿਟੀ ਦੇ ਮੂਲ ਉਦੇਸ਼ਾਂ ਦੇ ਉਲਟ ਹੈ | ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਸਾਰੇ ਦਫ਼ਤਰਾਂ, ਨੋਟਿਸਾਂ, ਫਾਰਮਾਂ, ਸਰਟੀਫਿਕੇਟਾਂ ਅਤੇ ਹੋਰ ਪ੍ਰਸਾਸਨਿਕ ਕਾਰਵਾਈ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਈ ਜਾਵੇ | ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਨਾ ਦਿੱਤਾ ਗਿਆ ਤਾਂ ਵਿਦਿਆਰਥੀ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ | ਇਸ ਮੌਕੇ ਅਬੀਨੇਸ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਗੁਰਕੀਰਤਨ ਸਿੰਘ ਵਿਦਿਆਰਥੀ ਆਗੂ ਮੌਜੂਦ ਸਨ |