ਨਾਭਾ, 18 ਮਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਾਭਾ ਨੇੜਲੇ ਪਿੰਡ ਖੋਖ-ਕੋਟਲੀ ਸਥਿਤ ਨਿਰਮਲ ਕੁਟੀਆ ਵਿਖੇ ਯੰਗ ਨਭਾਈਟਸ ਐਸੋਸੀਏਸ਼ਨ ਵਲੋਂ ਕਰਵਾਏ ਸਕੂਲ ਬੈਗ ਵੰਡ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵਲੋਂ ਸਮਾਜਿਕ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਸਰੋਤ ਹਨ | ਇਸ ਮੌਕੇ ਰਾਜਪਾਲ ਵਲੋਂ ਹਾਲ ਹੀ ਵਿਚ ਯੂ.ਪੀ.ਐਸ.ਸੀ. ਪ੍ਰੀਖਿਆ ਵਿਚ 15ਵਾਂ ਰੈਂਕ ਹਾਸਲ ਕਰਕੇ ਆਈ.ਏ.ਐਸ. ਅਧਿਕਾਰੀ ਬਣੀ ਪਿੰਡ ਬਿਰੜਵਾਲ ਦੀ ਸਿਮਰਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੇ ਨਾਲ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ | ਰਾਜਪਾਲ ਪੰਜਾਬ ਵਲੋਂ ਪਿੰਡ ਖੋਖ ਦੇ ਨਸ਼ਾ ਮੁਕਤ ਹੋਣ ਦੀ ਜਾਣਕਾਰੀ ਮਿਲਣ 'ਤੇ ਪਿੰਡ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਸਮੇਤ ਪਿੰਡ ਦੇ ਦੋਵੇਂ ਸਰਕਾਰੀ ਸਕੂਲਾਂ ਨੂੰ ਇਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ | ਰਾਜਪਾਲ ਕਟਾਰੀਆ ਨੇ ਕਿਹਾ ਕਿ ਯੰਗ ਨਭਾਈਟਸ ਐਸੋਸੀਏਸ਼ਨ ਵਲੋਂ ਖੋਖ ਦੇ ਦੋ ਸਰਕਾਰੀ ਸਕੂਲਾਂ ਦੇ 100 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡਣਾ ਸਿਰਫ਼ ਇਕ ਸਹਾਇਤਾ ਕਾਰਜ ਨਹੀਂ, ਸਗੋਂ ਸਿੱਖਿਆ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਮਾਧਿਅਮ ਹੈ ਜੋ ਬੱਚਿਆਂ ਨੂੰ ਉੱਜਵਲ ਭਵਿੱਖ ਵੱਲ ਲੈ ਕੇ ਜਾਂਦੀ ਹੈ ਅਤੇ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ | ਰਾਜਪਾਲ ਕਟਾਰੀਆ ਨੇ ਕਿਹਾ ਕਿ ਸਮਾਜ ਦੇ ਸਮਰੱਥ ਵਰਗ, ਉਦਯੋਗਪਤੀ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ, ਡਿਜ਼ੀਟਲ ਲਰਨਿੰਗ ਅਤੇ ਹੁਨਰ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਿੰਡ ਖੋਖ ਦੇ ਲੋਕਾਂ ਦੀ ਆਧਿਆਤਮਿਕ ਸੋਚ, ਸਮਾਜਿਕ ਜਿੰਮੇਵਾਰੀ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਗੁਰਬਾਣੀ ਨਾਲ ਜੁੜਾਅ ਅਤੇ ਸਾਂਝੀ ਸੋਚ ਨੇ ਇਸ ਪਿੰਡ ਨੂੰ ਹੋਰ ਪਿੰਡਾਂ ਲਈ ਇੱਕ ਪ੍ਰੇਰਣਾਦਾਇਕ ਮਾਡਲ ਬਣਾਇਆ ਹੈ | ਰਾਜਪਾਲ ਕਟਾਰੀਆ ਨੇ ਨਿਰਮਲ ਕੁਟੀਆ ਖੋਖ, ਨਿਰਮਲ ਆਸ਼ਰਮ ਅਤੇ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਸਿੱਖਿਆ, ਸਿਹਤ ਅਤੇ ਮਨੁੱਖੀ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ | ਰਾਜਪਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਸਮਾਜਿਕ ਸੇਵਾ, ਸਿੱਖਿਆ ਅਤੇ ਜਾਗਰੂਕਤਾ ਵਰਗੇ ਸਕਾਰਾਤਮਕ ਕਾਰਜਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਯੰਗ ਨਭਾਈਟਸ ਐਸੋਸੀਏਸ਼ਨ ਇਸ ਦਿਸ਼ਾ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਹੈ | ਇਸ ਮੌਕੇ ਵਿਧਾਇਕ ਦੇਵ ਮਾਨ ਸਮੇਤ ਪਿੰਡ ਵਾਸੀਆਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਦੌਰਾਨ ਯੰਗ ਨਭਾਈਟਸ ਐਸੋਸੀਏਸ਼ਨ ਦੇ ਮੈਂਬਰ, ਏ.ਡੀ.ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਐਸਡੀਐਮਜ ਕਰਨਲ ਏਪੀਐਸ ਸੋਮਲ ਤੇ ਹਰਜੋਤ ਕੌਰ ਮਾਵੀ,ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ, ਯੂਥ ਆਗੂ ਜੱਸਾ ਸਿੰਘ, ਜਥੇਦਾਰ ਬਲਤੇਜ ਸਿੰਘ ਖੋਖ, ਗੁਰਮੀਤ ਸਿੰਘ ਖਹਿਰਾ,ਗੁਰਪ੍ਰੀਤ ਸਿੰਘ ਪ੍ਰੀਤ ਡਾਇਰੈਕਟਰ ਪ੍ਰੀਤ ਗਰੁੱਪ, ਹਰਮਿੰਦਰ ਸਿੰਘ ਡਿੰਪਲ, ਸੁਖਜੀਤ ਸਿੰਘ ਸੋਨੀ, ਭੁਪਿੰਦਰ ਸਿੰਘ ਖੋਖ, ਮਨਜੀਤ ਸਿੰਘ ਰਟੌਲ, ਗੁਰਜੀਤ ਸਿੰਘ ਚੋਧਰੀ ਮਾਜਰਾ, ਸਮੇਤ ਪਿੰਡ ਵਾਸੀ ਵੀ ਮੌਜੂਦ ਸਨ |