ਬਨੂੜ, 18 ਮਈ (ਭੁਪਿੰਦਰ ਸਿੰਘ)-ਰਾਜਪੁਰਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਡੀ.ਐਸ.ਪੀ. ਰਾਜਪੁਰਾ, ਥਾਣਾ ਮੁਖੀ ਬਨੂੜ ਅਤੇ ਥਾਣਾ ਮੁਖੀ ਰਾਜਪੁਰਾ (ਸ਼ਹਿਰੀ) ਦੀ ਬਦਲੀ ਕਰਨ ਸੰਬੰਧੀ ਮੰਗ ਪੱਤਰ ਦਿੱਤਾ | ਕੰਬੋਜ ਨੇ ਚੋਣ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਡੀ.ਐਸ.ਪੀ. ਅਤੇ ਦੋਵੇਂ ਥਾਣਾ ਮੁਖੀ ਕਾਂਗਰਸ ਦੇ ਉਮੀਦਵਾਰਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਡਰ ਪੈਦਾ ਕਰਕੇ ਚੋਣ ਪ੍ਰਕਿਰਿਆ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਲੰਮੇ ਸਮੇਂ ਤੋਂ ਇੱਥੇ ਤਾਇਨਾਤ ਹਨ ਅਤੇ ਸੱਤਾ ਧਿਰ ਦੇ ਪਾਰਟੀ ਵਰਕਰ ਵਜੋਂ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਪਿਛਲੀ ਨਗਰ ਕੌਂਸਲ ਦੀਆਂ ਉਪ ਚੋਣਾਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਵਿਚ ਵੀ ਵਿਰੋਧੀ ਪਾਰਟੀ ਦੇ ਇਨ੍ਹਾਂ ਨੇ ਕਾਗ਼ਜ਼ ਵੀ ਦਾਖ਼ਲ ਨਹੀਂ ਹੋਣ ਦਿੱਤੇ ਸਨ | ਵੋਟਰਾਂ ਨੂੰ ਡਰਾ ਕੇ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਵੀ ਇਹ ਅਧਿਕਾਰੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਘਰ-ਘਰ ਜਾ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ | ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਨਾਲ ਉਕਤ ਅਧਿਕਾਰੀਆਂ ਦੀ ਬਦਲੀ ਕਰਨ ਦੀ ਮੰਗ ਕੀਤੀ ਹੈ | ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਜੇ ਉਕਤ ਅਧਿਕਾਰੀਆਂ ਦੀ ਇੱਥੋਂ ਬਦਲੀ ਨਾ ਕੀਤੀ ਗਈ ਉਹ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ | ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਹਰਜੋਤ ਸਿੰਘ, ਮਲਕੀਤ ਸਿੰਘ ਉਪਲਹੇੜੀ, ਸਰਬਜੀਤ ਸਿੰਘ ਮਾਣਕਪੁਰ ਆਦਿ ਹਾਜ਼ਰ ਸਨ |