ਪਟਿਆਲਾ, 18 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਮੁੱਖ ਵਪਾਰਕ ਕੇਂਦਰ ਏ.ਸੀ. ਮਾਰਕੀਟ ਦੀ ਬਾਹਰੀ ਪਾਰਕਿੰਗ 'ਚ ਆਮ ਲੋਕਾਂ ਅਤੇ ਖ਼ਰੀਦਦਾਰਾਂ ਤੋਂ ਨਾਜਾਇਜ਼ ਤੌਰ 'ਤੇ ਪੈਸੇ ਵਸੂਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਕੁੰਦਨ ਗੋਗੀਆ ਨੇ ਇਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ | ਮੇਅਰ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਬਾਹਰੀ ਪਾਰਕਿੰਗ ਦਾ ਕੋਈ ਵੀ ਠੇਕਾ ਕਿਸੇ ਪ੍ਰਾਈਵੇਟ ਠੇਕੇਦਾਰ ਜਾਂ ਵਿਅਕਤੀ ਨੂੰ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਉੱਥੇ ਫ਼ੀਸ ਵਸੂਲਣ ਦੀ ਮਨਜ਼ੂਰੀ ਹੈ | ਨਗਰ ਨਿਗਮ ਪਟਿਆਲਾ ਵਲੋਂ ਪਾਰਕਿੰਗ ਦੇ ਠੇਕੇ ਦੀ ਸਾਰੀ ਪ੍ਰਕਿਰਿਆ ਈ-ਟੈਂਡਰਿੰਗ ਰਾਹੀਂ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਂਦੀ ਹੈ | ਇਸ ਲਈ ਉੱਥੇ ਪਰਚੀ ਕੱਟਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ | ਏ.ਸੀ. ਮਾਰਕੀਟ ਦੀ ਬੈਕ ਸਾਈਡ (ਅੰਦਰਲੀ ਪਾਰਕਿੰਗ) ਵਿਚ ਨਗਰ ਨਿਗਮ ਦੇ ਆਪਣੇ ਸਰਕਾਰੀ ਮੁਲਾਜ਼ਮ ਤਾਇਨਾਤ ਹਨ | ਉੱਥੇ ਨਿਗਮ ਦੇ ਨਿਯਮਾਂ ਅਨੁਸਾਰ ਹੀ ਪਾਰਕਿੰਗ ਫ਼ੀਸ ਦੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਕੱਠਾ ਹੋਣ ਵਾਲਾ ਰੈਵੀਨਿਊ ਸਿੱਧਾ ਨਗਰ ਨਿਗਮ ਦੇ ਸਰਕਾਰੀ ਖਾਤੇ ਵਿਚ ਜਮ੍ਹਾਂ ਹੁੰਦਾ ਹੈ | ਨਿਗਮ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸ਼ਰਾਰਤੀ ਅਤੇ ਪ੍ਰਾਈਵੇਟ ਵਿਅਕਤੀ ਮਾਰਕੀਟ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਤੋਂ ਧੱਕੇਸ਼ਾਹੀ ਨਾਲ ਪਾਰਕਿੰਗ ਦੇ ਨਾਮ 'ਤੇ ਪੈਸੇ ਵਸੂਲ ਰਹੇ ਹਨ | ਮੇਅਰ ਨੇ ਅਜਿਹੇ ਗੈਰ-ਕਾਨੂੰਨੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਾਜਾਇਜ਼ ਵਸੂਲੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰਵਾ ਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |