03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਨੇ ਸਰਕਾਰ ਦੀ ਬੌਖਲਾਹਟ ਦਾ ਨਤੀਜਾ-ਰਾਜਿੰਦਰ ਸਿੰਘ

ਅਜੀਤ ਡੈਸਕ 20-05-2026
ਸਮਾਣਾ, 19 ਮਈ (ਪ੍ਰੀਤਮ ਸਿੰਘ ਨਾਗੀ)-ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਸਮਾਣਾ ਦੇ ਵਾਰਡ ਨੰਬਰ 4, 6 ਅਤੇ 19 ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਜਾਣਬੁੱਝ ਕੇ ਬਿਨਾਂ ਕਿਸੇ ਕਾਰਨ ਰਾਜਸੀ ਦਬਾਅ ਹੇਠ ਆ ਕੇ ਰੱਦ ਕੀਤੇ ਗਏ ਹਨ | ਸਮਾਣਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨੇ ਆਖਿਆ ਕਿ ਤਿੰਨ ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਬੌਖਲਾਹਟ ਦੀ ਨਿਸ਼ਾਨੀ ਹੈ | ਉਨ੍ਹਾਂ ਆਖਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਕਾਗ਼ਜ਼ ਵਾਪਸ ਲੈਣ ਲਈ ਧਮਕਾਇਆ ਗਿਆ ਹੈ ਪਰ ਜਦੋਂ ਉਹ ਦਬਾਅ ਹੇਠ ਨਹੀਂ ਆਏ, ਤਾਂ ਉਨ੍ਹਾਂ ਦੇ ਕਾਗ਼ਜ਼ ਰੱਦ ਕਰਵਾ ਦਿੱਤੇ ਗਏ | ਉਨ੍ਹਾਂ ਆਖਿਆ ਕਿ ਸੁਰਜੀਤ ਸਿੰਘ ਰੱਖੜਾ ਓਹੀ ਹਨ ਜਿੰਨਾਂ ਨੇ ਆਪਣੇ ਰਾਜ ਦੌਰਾਨ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾ ਕੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਸੀ | ਉਨ੍ਹਾਂ ਆਖਿਆ ਹੋਰ ਮੰਤਰੀ ਤਾਂ ਬਣਦੇ ਵੇਖੇ ਹਨ ਪਰ ਪਰਚਾ ਮੰਤਰੀ ਪਹਿਲੀ ਵਾਰ ਬਣਿਆ ਵੇਖਿਆ ਸੀ | ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਖੁੱਡੇ ਲਾਈਨ ਲਗਾ ਕੇ ਅਤੇ ਰੰਗ ਬਦਲ ਕੇ ਆਏ ਸ. ਰੱਖੜਾ ਨਾਲ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਪੈ ਗਈ ਹੈ ਅਤੇ ਉਨ੍ਹਾਂ ਨੂੰ ਪੁਰਾਣੇ ਦਿਨ ਯਾਦ ਆ ਗਏ ਹਨ | ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ 'ਆਪ' ਦੇ ਉਨ੍ਹਾਂ ਵਰਕਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਿੰਨਾਂ ਨੂੰ ਟਿਕਟਾਂ ਦੇ ਕੇ ਵਾਪਸ ਲਈਆਂ ਗਈਆਂ ਹਨ | ਉਨ੍ਹਾਂ ਆਖਿਆ ਕਿ ਚੁਣੇ ਵਿਧਾਇਕ ਨੂੰ ਪਾਸੇ ਕਰਕੇ ਹਰ ਥਾਂ ਧੋਖਾ ਦੇ ਕੇ ਆਏ ਵਿਅਕਤੀ ਨੂੰ ਅੱਗੇ ਕਰਕੇ 'ਆਪ' ਨੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ | ਉਨ੍ਹਾਂ ਆਖਿਆ ਕਿ ਰੱਖੜਾ ਅਤੇ ਉਨ੍ਹਾਂ ਦੇ ਸਾਥੀ ਕਿਸੇ ਭੁਲੇਖੇ ਵਿਚ ਨਾ ਰਹਿਣ ਕਿ ਉਹ ਧੱਕਾਸ਼ਾਹੀ ਕਰਕੇ ਚੋਣ ਜਿੱਤ ਜਾਣਗੇ | ਉਨ੍ਹਾਂ ਸ਼ਹਿਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਦੇ ਵੋਟਾਂ ਪਾਉਣ ਅਤੇ ਧੱਕਾਸ਼ਾਹੀ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ | ਇਸ ਮੌਕੇ ਕਾਂਗਰਸ ਆਗੂ ਜੀਵਨ ਗਰਗ, ਪਰਮਜੀਤ ਸਿੰਘ ਸਮਾਣਾ, ਸੁਭਾਸ਼ ਗੁੱਲੂ ਤੋਂ ਇਲਾਵਾ ਹਰਪ੍ਰੀਤ ਸਿੰਘ ਕੂਕਾ, ਜੱਜ ਨਿਜ਼ਾਮਨੀਵਾਲਾ, ਸ਼ੈਲ ਸਾਂਦੜ, ਲਲਿਤ ਜੈਨ, ਰਿੰਪੀ ਮੇਨਕਾ, ਬਲਜਿੰਦਰ ਕੁਮਾਰ, ਅਸ਼ੋਕ ਕੁਮਾਰ ਅਤੇ ਭਾਈ ਬੇਅੰਤ ਸਿੰਘ ਪੱਪੀ ਆਦਿ ਪਾਰਟੀ ਦੇ ਉਮੀਦਵਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਤਾਜਲਪੁਰ ਦੇ ਸੈਂਕੜੇ ਲੋਕ ਰਣਜੋਧ ਹਡਾਣਾ ਦੇ ਹੱਕ 'ਚ ਨਿੱਤਰੇ ਅਗਲੀ ਖ਼ਬਰ ਸਮਾਣਾ ਦੇ ਦਰਜਨਾਂ ਸਰਗਰਮ ਮੈਂਬਰ ਆਮ ਆਦਮੀ ਪਾਰਟੀ ਛੱਡ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।