ਰਾਜਪੁਰਾ, 19 ਮਈ (ਰਣਜੀਤ ਸਿੰਘ)-ਪੰਜਾਬ ਵਿਚ ਨਗਰ ਕੌਂਸਲ ਚੋਣਾਂ ਦਾ ਅਖਾੜਾ ਪੂਰੀ ਤਰਾਂ ਨਾਲ ਭਖਿਆ ਪਿਆ ਹੈ | ਜਿਉਂ ਹੀ ਚੋਣਾਂ ਦਾ ਬਿਗਲ ਵੱਜਿਆਂ ਉਸੇ ਦਿਨ ਤੋਂ ਲੈ ਕੇ ਹੀ ਰਾਜਨੀਤਕ ਪਾਰਟੀਆਂ ਨੇ ਸਿਆਸੀ ਮੈਦਾਨ ਵਿਚ ਨਿੱਤਰਨ ਦਾ ਮਨ ਬਣਾ ਲਿਆ ਸੀ | ਇਸ ਲਈ ਅਧਿਕਾਰਤ ਤੌਰ 'ਤੇ 13 ਤੋਂ ਲੈ ਕੇ 16 ਮਈ ਤੱਕ ਨਾਮਜ਼ਦਗੀ ਪੇਪਰ ਭਰਨ ਦੀ ਮਿਤੀ ਸੀ | ਇਨਾਂ ਪੇਪਰਾਂ ਦੀ ਛਾਣਬੀਣ 18 ਮਈ ਨੂੰ ਹੋਣੀ ਸੀ ਅਤੇ 19 ਮਈ ਨੂੰ ਨਾਮਜ਼ਦਗੀ ਪੇਪਰ ਵਾਪਸ ਲੈਣ ਦੀ ਤਾਰੀਖ਼ ਦਿੱਤੀ ਗਈ ਹੈ | 26 ਮਈ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 29 ਮਈ ਨੂੰ ਹੋਵੇਗੀ | ਇਸ ਸੰਬੰਧੀ ਐੱਸ.ਡੀ.ਐਮ. ਰਾਜਪੁਰਾ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਰਾਜਪੁਰਾ ਵਿਖੇ ਵੀ ਕੁਲ 187 ਨਾਮਜ਼ਦਗੀ ਪੇਪਰ ਫਾਈਲ ਕੀਤੇ ਗਏ ਸਨ | ਉਨਾਂ ਵਿਚ 4 ਪੇਪਰ ਕਿਸੇ ਨਾ ਕਿਸੇ ਤਰੁੱਟੀ ਕਾਰਨ ਰੱਦ ਕਰ ਦਿੱਤੇ ਗਏ ਸਨ ਅਤੇ ਅੱਜ 48 ਵਿਅਕਤੀਆਂ ਨੇ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਹਨ | ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਸੱਤਾਧਾਰੀ ਧਿਰ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਹੋਰਨਾਂ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ 135 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ |