02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਚੋਣਾਂ ਦਾ ਸੁਲਗਦਾ ਸਿਆਸੀ ਮੈਦਾਨ

ਅਜੀਤ ਡੈਸਕ 20-05-2026
ਰਾਜਪੁਰਾ, 19 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਿਚ ਸਿਆਸੀ ਚੁੱਲ੍ਹੇ ਪੂਰੀ ਤਰਾਂ ਨਾਲ ਮੱਘ ਗਏ ਹਨ ਅਤੇ ਹੁਣ ਹਰ ਪਾਰਟੀ ਦੇ ਆਗੂ, ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਪ੍ਰਚਾਰ ਦੀ ਗੱਡੀ ਦਾ ਗੇਅਰ ਬਦਲ ਲਿਆ ਹੈ | ਹਰ ਗਲੀ ਮੁਹੱਲੇ ਵਿਚ ਉਮੀਦਵਾਰਾਂ ਦੀਆਂ ਝੰਡੀਆਂ, ਪੋਸਟਰ ਲੱਗ ਗਏ ਅਤੇ ਲਾਊਡ ਸਪੀਕਰਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ | ਹਰ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਪੇਸ਼ ਕਰਕੇ ਵੋਟਰਾਂ ਦੇ ਦਿਲ ਦੀਆਂ ਗਹਿਰਾਈਆਂ ਵਿਚ ਉੱਤਰਨ ਦੀ ਕੋਸ਼ਿਸ਼ ਵਿਚ ਹੈ | ਇਸ ਦੇ ਨਾਲ ਹੀ ਸੱਤਾਧਾਰੀ ਧਿਰ ਦੇ ਕਈ ਆਗੂ ਜਿਨ੍ਹਾਂ ਦੀਆਂ ਟਿਕਟਾਂ 'ਤੇ ਕੈਂਚੀ ਚੱਲ ਗਈ ਹੈ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਦੇ ਮੂਹਰੇ ਸੇਹ ਦਾ ਤੱਕਲਾ ਗੱਡ ਦਿੱਤਾ ਹੈ ਭਾਵ ਕਿ ਉਹ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਕੁੱਦ ਪਏ ਹਨ | ਇਨ੍ਹਾਂ ਆਗੂਆਂ ਦੀ ਚੱਲੀ ਹੋਈ ਚਾਲ ਆਪਣੇ ਹੀ ਉਮੀਦਵਾਰਾਂ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਹੀ ਹੈ | ਆਪਣਿਆਂ ਵਲੋਂ ਹੀ ਬਜਾਏ ਗਏ ਬਗ਼ਾਵਤ ਦੇ ਬਿਗਲ ਨਾਲ ਸੱਤਾਧਾਰੀ ਧਿਰ ਦਾ ਸਿਆਸੀ ਚੁੱਲ੍ਹਾ ਮੱਘਣ ਦੀ ਬਜਾਏ ਬੁੱਝਦਾ ਜਾ ਰਿਹਾ ਹੈ ਅਤੇ ਸੱਤਾਧਾਰੀ ਧਿਰ ਦੇ ਅੰਦਰੂਨੀ ਕਲੇਸ਼ ਨੇ ਵਿਰੋਧੀਆਂ ਦਾ ਰਾਹ ਪੱਧਰਾ ਕਰ ਦਿੱਤਾ ਹੈ ਭਾਵੇ ਇਸ ਸੰਬੰਧੀ ਕਿਸੇ ਨੇ ਹਾਮੀ ਤਾਂ ਨਹੀਂ ਭਰੀ ਪਰ ਸੱਤਾਧਾਰੀ ਧਿਰ ਤੇ ਜਿਹੜੇ ਵੀ ਆਗੂ ਆਜ਼ਾਦ ਤੌਰ 'ਤੇ ਮੈਦਾਨ ਵਿਚ ਕੁੱਦੇ ਹਨ ਉਨ੍ਹਾਂ ਨੇ ਲੁਕਵੇਂ ਤੌਰ 'ਤੇ ਸਿਆਸੀ ਥਾਪੜਾ ਮਿਲਿਆ ਹੋਇਆ ਹੈ | ਸ਼ਹਿਰ ਵਿਚ ਆਮ ਹੀ ਗੱਲ ਚਲ ਰਹੀ ਹੈ ਕਿ ਸੱਤਾਧਾਰੀ ਧਿਰ ਦੇ ਘਰ ਦੇ ਚਿਰਾਗ਼ ਨਾਲ ਹੀ ਘਰ ਨੂੰ ਸਿਆਸੀ ਅੱਗ ਲੱਗ ਸਕਦੀ ਹੈ | ਕਿਉਂਕਿ ਜਿਹੜੇ ਆਗੂ ਆਜ਼ਾਦ ਖੜ੍ਹੇ ਹਨ ਉਹ ਇਕ ਤਰ੍ਹਾਂ ਨਾਲ ਸੱਤਾਧਾਰੀ ਧਿਰ ਦੇ ਉਹ ਬੰਦੇ ਹਨ ਜਿਹੜੇ ਕਾਰ ਦੀ ਮੂਹਰਲੀ ਸੀਟ 'ਤੇ ਬਹਿ ਕੇ ਸਿਆਸੀ ਝੂਟੇ ਲੈਂਦੇ ਰਹੇ ਹਨ ਹੁਣ ਉਨ੍ਹਾਂ ਵਿਚ ਇਕਦਮ ਐਨੀ ਦਲੇਰੀ ਕਿਸ ਤਰ੍ਹਾਂ ਆ ਗਈ ਹੈ | ਕਹਿਣ ਤੋਂ ਭਾਵ ਉਨ੍ਹਾਂ ਨੂੰ ਮੂਕ (ਲੁਕਵਾ) ਆਸ਼ੀਰਵਾਦ ਪ੍ਰਾਪਤ ਹੈ ਭਾਵੇਂ ਕਿ ਚੋਣਾਂ ਦੇ ਦਿਨ ਹੋਣ ਕਾਰਨ ਵੈਸੇ ਤਾਂ ਹਰ ਪਾਰਟੀ ਵਿਚ ਹੀ ਮਾੜੀ ਮੋਟੀ ਖਹਿਬਾਜ਼ੀ ਵੇਖਣ ਨੂੰ ਮਿਲਦੀ ਹੈ ਪਰ ਸੱਤਾਧਾਰੀ ਵਿਚ ਗੁੱਟਬੰਦੀ ਦਾ ਜਵਾਲਾਮੁਖੀ ਇਸ ਕਦਰ ਫਟਿਆ ਹੈ ਜਿਸ ਬਾਰੇ ਕਿਸੇ ਨੇ ਸੋਚਿਆਂ ਤੱਕ ਨਹੀਂ ਸੀ | ਬਾਕੀ ਹਾਲੇ 26 ਮਈ ਦਾ ਦਿਨ ਦੂਰ ਹੈ ਵੇਖਣਾ ਹੋਵੇਗਾ ਕਿ ਸਿਆਸੀ ਊਠ ਕਿਸ ਕਰਵਟ ਬੈਠਦਾ ਹੈ | ਇਸ ਸਿਆਸੀ ਉਲਟਫੇਰ ਕਾਰਨ ਸੱਤਾਧਾਰੀ ਧਿਰ ਦੋਹਰੀ ਮੁਸੀਬਤ ਵਿਚ ਫਸ ਗਈ ਹੈ ਇਕ ਪਾਸੇ ਚੋਣ ਮੈਦਾਨ ਵਿਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਦੋ-ਦੋ ਹੱਥ ਕਰਨੇ ਪੈਣਗੇ ਅਤੇ ਦੂਜੇ ਬੰਨੇ ਆਪਣਿਆਂ ਵਲੋਂ ਪਿੱਠ 'ਤੇ ਕੀਤੇ ਗਏ ਵਾਰ ਪਾਰਟੀ ਦੀ ਬੇੜੀ ਡੋਬਣ ਲਈ ਕਾਫੀ ਸਾਬਤ ਹੋ ਸਕਦੇ ਹਨ | ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅੰਦਰੂਨੀ ਬਗ਼ਾਵਤ ਅਤੇ ਗੁੱਟਬੰਦੀ ਸੱਤਾਧਾਰੀ ਧਿਰ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ | ਜੇਕਰ ਸੱਤਾਧਾਰੀ ਧਿਰ ਨੇ ਇਸ ਸੁਲਗਦੀ ਚੰਗਿਆੜੀ 'ਤੇ ਸੂਝ- ਬੂਝ ਦੇ ਪਾਣੀ ਦਾ ਛਿੱਟਾ ਨਾ ਦਿੱਤਾ ਤਾਂ ਇਸ ਨਾਲ ਵਿਰੋਧੀਆਂ ਨੂੰ ਬਿਨਾ ਮਿਹਨਤ ਕੀਤੇ ਹੀ ਜਿੱਤ ਪਲੇਟ ਵਿਚ ਸਜੀ ਸਜਾਈ ਮਿਲਣ ਦੇ ਆਸਾਰ ਬਣ ਸਕਦੇ ਹਨ | ਹਾਲ ਦੀ ਘੜੀ ਸੱਤਾਧਾਰੀ ਧਿਰ ਨੂੰ ਖ਼ਤਰਾ ਵਿਰੋਧੀਆਂ ਤੋ ਘੱਟ ਅਤੇ ਘਰ ਦੇ ਅੰਦਰ ਬੈਠੇ ਬਾਗ਼ੀਆਂ ਤੋਂ ਜ਼ਿਆਦਾ ਵਿਖਾਈ ਦੇ ਰਿਹਾ ਹੈ |
ਪਿਛਲੀ ਖ਼ਬਰ ਨਾਭਾ ਨਗਰ ਕੌਂਸਲ ਚੋਣਾਂ 99 ਉਮੀਦਵਾਰ ਹੋਣਗੇ ਚੋਣ ਮੈਦਾਨ 'ਚ ਅਗਲੀ ਖ਼ਬਰ ਪਾਤੜਾਂ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।