ਨਾਭਾ, 4 ਜੂਨ (ਵਰਿੰਦਰ ਵਰਮਾ)-ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪਾਰਟੀ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਵੇਗੀ | ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਨਾਭਾ ਤੋਂ ਵਪਾਰ ਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਅਗਰਵਾਲ ਸਭਾ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਦਾ ਝੰਡਾ ਲਹਿਰਾਏਗੀ | ਉਨਾਂ ਕਿਹਾ ਕਿ ਭਾਜਪਾ ਪਾਰਟੀ ਨੇ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਕੰਮ ਕੀਤਾ ਹੈ ਅਤੇ ਅਹਿਮ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਹੈ | ਉਨਾਂ ਕਿਹਾ ਕਿ ਜਿੰਨਾ ਵੀ ਵਿਕਾਸ ਦੇਸ਼ ਵਿਚ ਹੋਇਆ ਹੈ, ਉਹ ਸਿਰਫ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ | ਸੂਬਾ ਪੰਜਾਬ ਵਿਚ ਇਸ ਵਕਤ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ, ਭਾਜਪਾ ਪਾਰਟੀ ਦੀ ਸਰਕਾਰ ਬਣਨ 'ਤੇ ਇਹ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕਰ ਦਿੱਤੇ ਜਾਣਗੇ | ਉਨਾਂ ਕਿਹਾ ਕਿ ਭਾਜਪਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀ ਜਨਤਾ ਵੱਡੀ ਗਿਣਤੀ ਵਿਚ ਬੀਜੇਪੀ ਨਾਲ ਜੁੜ ਰਹੀ ਹੈ, ਉਨਾਂ ਕਿਹਾ ਕਿ ਭਾਜਪਾ ਪਾਰਟੀ ਦਾ ਦਿਨ ਪ੍ਰਤੀ ਦਿਨ ਵੱਧ ਰਹੇ ਗਰਾਫ਼ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਬੌਖਲਾਹਟ ਵਿਚ ਆ ਗਈਆਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਣ ਪੰਜਾਬ ਦੇ ਲੋਕ ਇਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ | ਉਨਾਂ ਕਿਹਾ ਕਿ ਬੀਜੇਪੀ ਪਾਰਟੀ ਨੇ 2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪਾਰਟੀ ਦੇ ਆਗੂਆਂ ਵਲੋਂ ਘਰ-ਘਰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ | ਰਾਜੇਸ਼ ਬੱਬੂ ਅਤੇ ਬਰਿੰਦਰ ਬਿੱਟੂ ਨੇ ਕਿਹਾ ਕਿ ਸੂਬੇ ਦੀ ਜਨਤਾ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਹਰ ਵਰਗ ਇਸ ਪਾਰਟੀ ਤੋਂ ਦੁਖੀ ਹੈ | ਉਨਾਂ ਵਿਸ਼ਵਾਸ ਜਤਾਇਆ ਕਿ ਵਿਧਾਨ ਸਭਾ ਚੋਣਾਂ 'ਚ ਭਾਜਪਾ ਪਾਰਟੀ ਦੇ ਉਮੀਦਵਾਰ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਸਰਕਾਰ ਬਣਾਉਣਗੇ |