ਦੇਵੀਗੜ੍ਹ, 9 ਜੂਨ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਵਿਖੇ ਜਾਣਕਾਰੀ ਦਿੰਦੇ ਹੋਏ ਵਾਰਿਸ ਪੰਜਾਬ ਦੇ ਬੁਲਾਰੇ ਨਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਨੇ ਹਲਕਾ ਸਨੌਰ ਵਿਖੇ ਪਹੁੰਚ ਕੇ ਪਿਛਲੇ ਦਿਨੀਂ ਧਰਨਾ ਦੇ ਰਹੇ ਲਾਈਨਮੈਨ ਨੌਜਵਾਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਨੌਜਵਾਨਾਂ ਨਾਲ ਅਜਿਹਾ ਵਤੀਰਾ ਲੋਕਤੰਤਰ ਦਾ ਘਾਣ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸੁਖਦੇਵ ਸਿੰਘ ਕਾਦੀਆਂ ਨੇ ਸੰਘਰਸ਼ੀ ਨੌਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਐਲਾਨ ਕੀਤਾ ਕਿ ਜੇਕਰ 2027 ਦੀਆਂ ਚੋਣਾਂ ਵਿਚ 'ਵਾਰਿਸ ਪੰਜਾਬ' ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਨਾਂ ਦਾ ਪਹਿਲਾ ਕੰਮ ਠੇਕਾ ਸਿਸਟਮ ਨੂੰ ਜੜੋਂ ਖ਼ਤਮ ਕਰਨਾ ਹੋਵੇਗਾ | ਉਨਾਂ ਕਿਹਾ, ''ਅਸੀਂ ਸੱਤਾ ਵਿਚ ਆਉਂਦਿਆਂ ਹੀ ਠੇਕਾ ਪ੍ਰਥਾ 'ਤੇ ਲਾਲ ਪੈੱਨ ਨਾਲ ਲੀਕ ਫੇਰ ਕੇ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਦੀ ਗਾਰੰਟੀ ਦੇਵਾਂਗੇ | ਪੰਜਾਬ ਦੇ ਨੌਜਵਾਨਾਂ ਨੂੰ ਠੇਕੇਦਾਰੀ ਸਿਸਟਮ ਦੇ ਸ਼ੋਸ਼ਣ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਟੀਚਾ ਹੈ | ਕਾਦੀਆਂ ਨੇ ਇਸ ਮੌਕੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਜਿਨਾਂ ਨੌਜਵਾਨਾਂ 'ਤੇ ਤਸ਼ੱਦਦ ਕੀਤਾ ਗਿਆ ਹੈ, ਉਸ ਲਈ ਜ਼ਿੰਮੇਵਾਰ ਡੀ.ਐਸ.ਪੀ. ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨਾਂ ਕਿਹਾ ਕਿ ਅਜਿਹੇ ਅਧਿਕਾਰੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੁਲਿਸ ਵਿਭਾਗ ਦੀ ਵਰਦੀ ਦੀ ਮਰਿਆਦਾ ਕਾਇਮ ਰਹਿ ਸਕੇ | ਸੂਬਾ ਪ੍ਰਧਾਨ ਨੇ ਵਰਤਮਾਨ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀ ਅਧਿਕਾਰੀ 'ਤੇ ਕਾਰਵਾਈ ਨਾ ਕੀਤੀ ਗਈ ਤਾਂ 'ਵਾਰਿਸ ਪੰਜਾਬ' ਜਥੇਬੰਦੀ ਚੁੱਪ ਨਹੀਂ ਬੈਠੇਗੀ | ਉਨਾਂ ਕਿਹਾ ਜੇਕਰ ਸਰਕਾਰ ਨੇ ਨੌਜਵਾਨਾਂ ਨੂੰ ਇਨਸਾਫ਼ ਨਾ ਦਿੱਤਾ ਅਤੇ ਦੋਸ਼ੀ ਪੁਲਿਸ ਅਧਿਕਾਰੀ 'ਤੇ ਪਰਚਾ ਦਰਜ ਕਰਕੇ ਉਸ ਨੰੂ ਬਰਖ਼ਾਸਤ ਨਾ ਕੀਤਾ, ਤਾਂ ਸਾਨੂੰ ਮਜਬੂਰਨ ਪੰਜਾਬ ਦੀਆਂ ਸੜਕਾਂ 'ਤੇ ਉਤਰ ਕੇ ਵੱਡਾ ਸੰਘਰਸ਼ ਵਿੱਢਣਾ ਪਵੇਗਾ | ਇਸ ਮੌਕੇ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਪ੍ਰੋ. ਸਤਨਾਮ ਕੌਰ, ਪੰਜਾਬ ਦੇ ਬੁਲਾਰੇ ਨਰਿੰਦਰ ਸਿੰਘ ਭਿੰਡਰ, ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ, ਪ੍ਰੋ. ਗੁਰਪ੍ਰੀਤ ਸਿੰਘ ਅੰਟਾਲ, ਗੁਰਸੇਵਕ ਸਿੰਘ ਅੰਟਾਲ ਜ਼ਿਲਾ ਮੀਤ ਪ੍ਰਧਾਨ ਅਤੇ ਜਥੇਬੰਦੀ ਦੇ ਹੋਰ ਆਗੂਆਂ ਨੇ ਵੀ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ ਅਤੇ ਪੀੜਤ ਨੌਜਵਾਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਜਥੇਬੰਦੀ ਆਖ਼ਰੀ ਦਮ ਤੱਕ ਲੜਾਈ ਲੜੇਗੀ | ਇਸ ਮੌਕੇ ਬਲਬੀਰ ਸਿੰਘ ਨਾਭਾ ਅਤੇ ਹਰਦੀਪ ਸਿੰਘ ਝੰਡੀ ਆਦਿ ਹਾਜ਼ਰ ਸਨ |